ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗਡ਼ੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਹੈ। ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਰਜਿੰਦਰ ਕੌਰ ਦੇ ਮੈਡਲ ਜਿੱਤਣ ਦੀ ਖ਼ਬਰ ਆਉਣ ’ਤੇ ਘਰ ਇਕ ਤਰ੍ਹਾਂ ਨਾਲ ਵਿਆਹ ਵਰਗਾ ਮਾਹੌਲ ਬਣ ਗਿਆ। ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ। ਹਰਜਿੰਦਰ ਕਬੱਡੀ ਤੇ ਰੱਸ਼ਾਕਸ਼ੀ ਦੀ ਵੀ ਖਿਡਾਰਨ ਰਹੀ ਹੈ। ਹਰਜਿੰਦਰ ਕੌਰ ਦੇ ਕੋਚ ਰਹੇ ਪਰਮਜੀਤ ਸ਼ਰਮਾ ਦੱਸਦੇ ਹਨ ਕਿ ਹਰਜਿੰਦਰ ਬਹੁਤ ਮਿਹਨਤੀ ਰਹੀ ਹੈ। ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਉਸ ਦਾ ਪਰਿਵਾਰ ਮੱਝਾ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਅਤੇ ਸਾਹਿਬ ਸਿੰਘ ਨੇ ਬਡ਼ੀ ਮਿਹਨਤ ਨਾਲ ਅਪਣੇ ਬੱਚਿਆ ਨੂੰ ਪਾਲਿਆ ਹੈ ਭਾਵੇਂ ਕਿ ਕੁਝ ਸਾਲਾਂ ਤੋਂ ਹਰਜਿੰਦਰ ਕੌਰ ਦਾ ਭਰਾ ਨੌਕਰੀ ਕਰਨ ਲੱਗ ਪਿਆ ਹੈ ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਕੁਝ ਸੌਖਾ ਹੋਇਆ ਹੈ। ਹਰਜਿੰਦਰ ਕੌਰ ਦੇ ਮਾਤਾ ਪਿਤਾ ਮੁਤਾਬਿਕ ਉਨ੍ਹਾਂ ਨੇ ਤੰਗੀ ਹੋਣ ਦੇ ਬਾਵਜੂਦ ਹਰਜਿੰਦਰ ਕੌਰ ਨੂੰ ਖੇਡਾਂ ’ਚ ਪਾਇਆ ਅਤੇ ਹੁਣ ਉਹ ਹਰਜਿੰਦਰ ਕੌਰ ਦੀ ਇਸ ਵੱਡੀ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਹਰਜਿੰਦਰ ਕੌਰ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਮੁੱਢਲੀ ਪਡ਼੍ਹਾਈ ਕੀਤੀ। ਹਰਜਿੰਦਰ ਕੌਰ ਦੀ ਮਾਤਾ ਕੁਲਦੀਪ ਕੌਰ ਨੇ ਹੰਝੂਆਂ ਭਰੀ ਖੁਸ਼ੀ ਦੇ ਨਾਲ ਦੱਸਿਆ ਕਿ ਉਸ ਦੀ ਧੀ ਨੇ ਆਰਥਿਕ ਤੰਗੀ ਦੇ ਚਲਦਿਆਂ ਬਡ਼ੀ ਸਖ਼ਤ ਮਿਹਨਤ ਕੀਤੀ। ਉਸ ਦੀ ਇਸ ਪ੍ਰਾਪਤੀ ਦੇ ਨਾਲ ਪਰਿਵਾਰ, ਪਿੰਡ, ਪੰਜਾਬ ਅਤੇ ਦੇਸ਼ ਦਾ ਨਾਮ ਉੱਚਾ ਹੋਇਆ ਹੈ ਅਤੇ ਉਹ ਅਪਣੀ ਧੀ ਦੀ ਹੋਰ ਪ੍ਰਾਪਤੀ ਲਈ ਅਰਦਾਸ ਕਰਦੇ ਹਨ। ਹਰਜਿੰਦਰ ਕੌਰ ਦੇ ਸਕੂਲ ਦੇ ਅਧਿਆਪਕ ਵੀ ਉਸ ਦੀ ਇਸ ਪ੍ਰਾਪਤੀ ਤੋਂ ਖੁਸ਼ ਹਨ ਅਧਿਆਪਕ ਹਰਦੀਪ ਸਿੰਘ ਨੇ ਅੱਜ ਸਕੂਲ ਦੀ ਸਵੇਰ ਦੀ ਅਸੈਂਬਲੀ ’ਚ ਬੱਚਿਆ ਨੂੰ ਇਸ ਸਕੂਲ ਦੀ ਵਿਦਿਆਰਥਣ ਰਹੀ ਹਰਜਿੰਦਰ ਕੌਰ ਦੀ ਪ੍ਰਾਪਤੀ ਬਾਰੇ ਦੱਸਿਆ।