ਨੇਪਾਲ ਬਾਰਡਰ ਤੋਂ ਦੋ ਸਾਥੀਆਂ ਸਣੇ ਗ੍ਰਿਫ਼ਤਾਰ ਕੀਤੇ ਗਏ ਦੀਪਕ ਮੁੰਡੀ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਅਤੇ ਉਸ ਬਾਰੇ ਕੁਝ ਅਹਿਮ ਗੱਲਾਂ ਕਹੀਆਂ ਹਨ। ਪਰਿਵਾਰ ਨੇ ਉਸ ਨੂੰ ਪਹਿਲਾਂ ਹ ਬੇਦਖਲ ਕੀਤਾ ਹੋਇਆ ਹੈ। ਖੇਤਾਂ ‘ਚ ਮਜ਼ਦੂਰੀ ਕਰਨ ਵਾਲੇ ਹਰਿਆਣਾ ਦੇ ਚਰਖੀ ਦਾਦਰੀ ਦੇ ਬੌਂਦ ਕਲਾਂ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਊਣ ਦੇ ਰਹਿਣ ਵਾਲੇ ਮਾਂ ਸੁਨੀਤਾ ਅਤੇ ਪਿਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਬੜੇ ਔਖੇ ਹਾਲਾਤਾਂ ਰਹਿ ਕੇ ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਪਾਲ ਰਹੇ ਹਨ। ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਮਗਰੋਂ ਪਹਿਲੀ ਵਾਰ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਇਸ ਮੌਕੇ ਆਪਣੇ ਪੁੱਤ ਵੱਲੋਂ ਕੀਤੇ ਗਏ ਅਪਰਾਧਾਂ ‘ਤੇ ਦੁੱਖ ਜ਼ਾਹਰ ਕਰਦਿਆਂ ਦੀਪਕ ਮੁੰਡੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੀਪਕ ਨੇ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੱਬ ਅਜਿਹਾ ਕਪੁੱਤ ਕਿਸੇ ਨੂੰ ਨਾ ਦੇਵੇ। ਜ਼ਿਕਰਯੋਗ ਹੈ ਕਿ ਲੰਘੀ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਹੁਣ ਤੱਕ ਪੁਲੀਸ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦਕਿ ਦੋ ਸ਼ੂਟਰ ਪੁਲੀਸ ਮੁਕਾਬਲੇ ‘ਚ ਮਾਰੇ ਜਾ ਚੁੱਕੇ ਹਨ। ਦੀਪਕ ਮੁੰਡੀ ਇਸ ਕੇਸ ‘ਚ ਲੋੜੀਂਦਾ ਛੇਵਾਂ ਸ਼ੂਟਰ ਸੀ ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਦੀਪਕ ਮੁੰਡੀ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਨਿੱਕੀ ਉਮਰ ‘ਚ ਹੀ ਉਹ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੋ ਗਿਆ ਸੀ। ਨਿੱਕੇ ਹੁੰਦਿਆਂ ਹੀ ਉਸ ‘ਤੇ ਕਈ ਅਪਰਾਧਿਕ ਕੇਸ ਦਰਜ ਹੋ ਚੁੱਕੇ ਸਨ। ਉਹ ਪਰਿਵਾਰਕ ਮੈਂਬਰਾਂ ਨਾਲ ਵੀ ਕਈ ਵਾਰ ਲੜਾਈ-ਝਗੜਾ ਕਰ ਚੁੱਕਿਆ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲਗਪਗ ਪੰਜ ਮਹੀਨੇ ਪਹਿਲਾਂ ਇਕ ਔਰਤ ਨਾਲ ਘਰੇ ਆਇਆ ਸੀ, ਜਿਸ ਨਾਲ ਉਸ ਨੇ ਵਿਆਹ ਕਰਵਾਉਣ ਦੀ ਗੱਲ ਕਹੀ ਸੀ। ਇਸ ਗੱਲ ‘ਤੇ ਉਸ ਦੀ ਪਰਿਵਾਰ ਨਾਲ ਲੜਾਈ ਹੋ ਗਈ ਤੇ ਉਹ ਗੁੱਸੇ ‘ਚ ਘਰੋਂ ਚਲਾ ਗਿਆ। ਉਸ ਮਗਰੋਂ ਦੀਪਕ ਨੇ ਪਰਿਵਾਰ ਦੇ ਕਿਸੇ ਜੀਅ ਨਾਲ ਕੋਈ ਸੰਪਰਕ ਨਹੀਂ ਸੀ ਕੀਤਾ। ਸੁਨੀਤਾ ਨੇ ਦੱਸਿਆ ਕਿ ਦੀਪਕ ਨੇ ਕਦੇ ਵੀ ਆਪਣੇ ਪਰਿਵਾਰ ਦਾ ਸੂਹ ਪਤਾ ਨਹੀਂ ਲਿਆ, ਭੈਣ ਦੇ ਵਿਆਹ ਵੇਲੇ ਵੀ ਨਹੀਂ ਆਇਆ। ਉਸ ਦੀ ਬਿਮਾਰੀ ਵੇਲੇ ਵੀ ਦੀਪਕ ਨੇ ਕਦੇ ਉਸ ਨੂੰ ਨਹੀਂ ਸੰਭਾਲਿਆ। ਹਾਰ ਕੇ ਸਾਰੇ ਪਰਿਵਾਰ ਨੇ ਉਸ ਦੇ ਵਿਹਾਰ ਨੂੰ ਦੇਖਦੇ ਹੋਏ ਉਸ ਨੂੰ ਬੇਦਖਲ ਕਰ ਦਿੱਤਾ ਤੇ ਉਸ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸਨ। ਸੁਨੀਤਾ ਨੇ ਦੱਸਿਆ ਕਿ ਉਹ ਹਾਲੇ ਵੀ ਇਸ ਡਰ ‘ਚ ਜੀਅ ਰਹੇ ਸਨ ਕਿ ਕਿਤੇ ਦੀਪਕ ਉਨ੍ਹਾਂ ਨੂੰ ਗੋਲੀਆਂ ਨਾ ਮਾਰ ਦੇਵੇ। ਸੁਨੀਤਾ ਨੇ ਕਿਹਾ, ‘ਸਿੱਧੂ ਮੂਸੇਵਾਲਾ ਵੀ ਕਿਸੇ ਦਾ ਪੁੱਤ ਸੀ ਤੇ ਦੀਪਕ ਨੇ ਇਕ ਪੁੱਤ ਦੀ ਹੱਤਿਆ ਕੀਤੀ ਹੈ, ਇਸ ਲਈ ਉਸ ਨੂੰ ਵੀ ਮਾਰ ਦੇਣਾ ਚਾਹੀਦਾ ਹੈ।’ ਦੀਪਕ ਦੇ ਪਿਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਪੁੱਤ ਦੀਆਂ ਹਰਕਤਾਂ ਦੇਖਦੇ ਹੋਏ ਉਨ੍ਹਾਂ ਨੇ ਦੋ ਵਾਰ ਦੀਪਕ ਨੂੰ ਬੇਦਖਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦੀਆਂ ਬਦਮਾਸ਼ੀਆਂ ਕਾਰਨ ਪੁਲੀਸ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਦੀਪਕ ਉਨ੍ਹਾਂ ਦਾ ਪੁੱਤ ਹੈ ਹੀ ਨਹੀਂ। ਉਸ ਨੇ ਜੋ ਕੀਤਾ ਹੈ, ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਪੁਲੀਸ ਉਸ ਨੂੰ ਮਾਰ ਵੀ ਦਿੰਦੀ ਹੈ ਤਾਂ ਵੀ ਉਹ ਉਸ ਦੀ ਲਾਸ਼ ਨਹੀਂ ਲੈਣਗੇ।