ਅਮਰੀਕਾ ਦੇ ਬੋਸਟਨ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਪੁਲ ਤੋਂ ਲੰਘ ਰਹੀ ਮੈਟਰੋ ਟਰੇਨ ’ਚ ਅੱਗ ਲੱਗ ਗਈ। ਅੱਗ ਉਸ ਸਮੇਂ ਲੱਗੀ ਜਦੋਂ ਟਰੇਨ ਮਿਸਟਿਕ ਨਦੀ ਨੂੰ ਪਾਰ ਕਰ ਰਹੀ ਸੀ। ਅੱਗ ਲੱਗਣ ਕਾਰਨ ਹਫਡ਼ਾ-ਦਫਡ਼ੀ ਮਚ ਗਈ। ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿਡ਼ਕੀਆਂ ਵਿੱਚੋਂ ਬਾਹਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਥੇ ਹੀ ਇਕ ਯਾਤਰੀ ਨੇ ਅੱਗ ਦੀ ਘਟਨਾ ਤੋਂ ਘਬਰਾ ਕੇ ਹੇਠਾਂ ਮਿਸਟਿਕ ਨਦੀ ’ਚ ਹੀ ਛਾਲ ਮਾਰ ਦਿੱਤੀ, ਜਿਸ ਨੂੰ ਬਾਅਦ ’ਚ ਅਧਿਕਾਰੀਆਂ ਵੱਲੋਂ ਸੁਰੱਖਿਅਤ ਬਚਾਅ ਲਿਆ ਗਿਆ। ਇਸ ਸਾਰੀ ਘਟਨਾ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ। ਟਰੇਨ ’ਚ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਕਾਰਜਾਂ ਲਈ ਟੀਮਾਂ ਨੂੰ ਬੁਲਾਇਆ ਗਿਆ। ਸ਼ੁਰੂਆਤੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਦੇ ਜਿਸ ਹਿੱਸੇ ’ਚ ਅੱਗ ਲੱਗੀ, ਉਥੇ ਕਿਸੇ ਕਾਰਨ ਸਾਈਡ ਪੈਨਲ ’ਚ ਅੱਗ ਲੱਗ ਗਈ ਅਤੇ ਇਹ ਹੌਲੀ-ਹੌਲੀ ਫੈਲ ਗਈ। ਇਸ ਦੌਰਾਨ, ਮੈਸੇਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਔਰੇਂਜ ਲਾਈਨ ਮੈਟਰੋ ਟਰੇਨ ਵੈਲਿੰਗਟਨ ਅਤੇ ਅਸੈਂਬਲੀ ਸਟੇਸ਼ਨ ਦੇ ਵਿਚਕਾਰ ਪੁਲ ਨੂੰ ਪਾਰ ਕਰ ਰਹੀ ਸੀ, ਉਦੋਂ ਯਾਤਰਾ ਦੌਰਾਨ ਇੰਜਣ ਵਾਲੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲੀ। ਮੈਸੇਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।