ਨੀਦਰਲੈਂਡ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਰਲਡ ਕੱਪ ਦੇ ਸੁਪਰ-12 ‘ਚ ਆਪਣਾ ਖਾਤਾ ਖੋਲ੍ਹਿਆ ਹੈ। ਨੀਦਰਲੈਂਡ ਨੇ ਪਾਲ ਵੈਨ ਮੀਕਰਨ (29/3) ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਮੈਕਸ ਓ’ਡਾਊਡ (52) ਦੇ ਅਰਧ ਸੈਂਕੜੇ ਦੀ ਬਦੌਲਤ ਇਹ ਜਿੱਤ ਦਰਜ ਕੀਤੀ। ਜ਼ਿੰਬਾਬਵੇ ਨੇ ਨੀਦਰਲੈਂਡ ਨੂੰ 118 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਨੀਦਰਲੈਂਡ ਨੇ 12 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਜ਼ਿੰਬਾਬਵੇ ਵੱਲੋਂ ਸਿਕੰਦਰ ਰਜ਼ਾ ਨੇ 24 ਗੇਂਦਾਂ ‘ਚ ਤਿੰਨ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ ਜਦਕਿ ਸ਼ਾਨ ਵਿਲੀਅਮਜ਼ ਨੇ 23 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਜ਼ਿੰਬਾਬਵੇ ਦਾ ਕੋਈ ਹੋਰ ਬੱਲੇਬਾਜ਼ ਦਸ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ ਜਿਸ ਕਾਰਨ ਪੂਰੀ ਟੀਮ 19.3 ਓਵਰਾਂ ‘ਚ 117 ਦੌੜਾਂ ‘ਤੇ ਸਿਮਟ ਗਈ। ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਓ’ਡਾਊਡ ਨੇ ਟਾਮ ਕੂਪਰ ਨਾਲ ਦੂਜੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ। ਨੀਦਰਲੈਂਡ ਨੇ ਅਗਲੀਆਂ ਚਾਰ ਵਿਕਟਾਂ 26 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ, ਪਰ ਟੀਚਾ ਛੋਟਾ ਹੋਣ ਕਾਰਨ ਉਸ ਨੂੰ ਜਿੱਤ ਹਾਸਲ ਕਰਨ ‘ਚ ਜ਼ਿਆਦਾ ਮੁਸ਼ਕਲ ਨਹੀਂ ਆਈ। ਟੂਰਨਾਮੈਂਟ ਦੇ ਸੁਪਰ-12 ਪੜਾਅ ‘ਚ ਚਾਰ ਮੈਚਾਂ ਵਿੱਚ ਨੀਦਰਲੈਂਡ ਦੀ ਇਹ ਪਹਿਲੀ ਜਿੱਤ ਹੈ। ਦੂਜੇ ਪਾਸੇ ਚਾਰ ਮੈਚਾਂ ‘ਚ ਆਪਣੀ ਦੂਜੀ ਹਾਰ ਦੇ ਨਾਲ ਜ਼ਿੰਬਾਬਵੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ।