ਭਾਰਤੀ ਫਿਲਮ ‘ਆਰ.ਆਰ.ਆਰ.’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਅਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਦੀ ਫਿਲਮ ‘ਆਰ.ਆਰ.ਆਰ.’ ਦਾ ਇਹ ਗੀਤ ‘ਨਾਟੂ ਨਾਟੂ’ ਐੱਮ.ਐੱਮ. ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ’ਟੀ’ਆਰ’ ‘ਤੇ ਇਹ ਫਿਲਮਾਇਆ ਗਿਆ ਹੈ। ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈਕਟ’ ਸ਼੍ਰੇਣੀ ‘ਚ ਇੰਡੀਆ ਦਾ ਪਹਿਲਾ ਆਸਕਰ ਜਿੱਤਿਆ ਹੈ। ਓ.ਟੀ.ਟੀ. ਪਲੇਟਫਾਰਮ ‘ਨੈੱਟਫਲਿਕਸ’ ਦੀ ਇਹ ਦਸਤਾਵੇਜ਼ੀ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਜ਼ ਨੇ ਕੀਤਾ ਹੈ। ਕਾਰਤੀਕੀ ਗੋਂਸਾਲਵੇਜ਼ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਇਸ ਨੂੰ ਆਪਣੀ ਮਾਤ ਭੂਮੀ ਇੰਡੀਆ ਨੂੰ ਸਮਰਪਿਤ ਕੀਤਾ। ਗੋਂਸਾਲਵੇਜ਼ ਨੇ ਅਕੈਡਮੀ ਐਵਾਰਡ ਲਈ ਨਿਰਮਾਤਾ ਗੁਨੀਤ ਮੋਂਗਾ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਸਾਲ ਆਸਕਰ ਐਵਾਰਡਜ਼ ‘ਤੇ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦਾ ਦਬਦਬਾ ਰਿਹਾ। ਸਰਵੋਤਮ ਫਿਲਮ ਜਿੱਤਣ ਤੋਂ ਇਲਾਵਾ ਇਸ ਲਈ ਡੇਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਨੂੰ ਸਰਵੋਤਮ ਨਿਰਦੇਸ਼ਕ ਚੁਣਿਆ ਗਿਆ ਅਤੇ ਫਿਲਮ ਦੀ ਅਭਿਨੇਤਰੀ ਮਿਸ਼ੇਲ ਯੋਹ ਨੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਇਸੇ ਫਿਲਮ ਲਈ ਹੁਏ ਕਵਾਨ ਨੇ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ‘ਚ ਪੁਰਸਕਾਰ ਜਿੱਤਿਆ ਅਤੇ ਜੈਮੀ ਲੀ ਕਰਟਿਸ ਨੇ ਸਰਵੋਤਮ ਸਹਾਇਕ ਅਭਿਨੇਤਰੀ ਸ਼੍ਰੇਣੀ ‘ਚ ਪੁਰਸਕਾਰ ਜਿੱਤਿਆ। ਦੂਜੇ ਪਾਸੇ ਬ੍ਰੈਂਡਨ ਫਰੇਜ਼ਰ ਨੂੰ ਫਿਲਮ ‘ਦਿ ਵ੍ਹੇਲ’ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ। ਸਮਾਰੋਹ ‘ਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕੀਤਾ ਸੀ। ਦੀਪਿਕਾ ਪਾਦੂਕੋਣ ਇਥੇ ਇਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ ‘ਚ ਨਜ਼ਰ ਆਈ ਜਿਸ ਨਾਲ ਉਨ੍ਹਾਂ ਨੇ ਇਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ। ਲਾਂਚ ਦੀ ਘੋਸ਼ਣਾ ਕਰਦੇ ਹੋਏ ਅਭਿਨੇਤਰੀ ਨੇ ਕਿਹਾ, ‘ਕੀ ਤੁਸੀਂ ਜਾਣਦੇ ਹੋ ਕਿ ‘ਨਾਟੂ’ ਕੀ ਹੈ, ਜੇਕਰ ਨਹੀਂ ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ ‘ਆਰ.ਆਰ.ਆਰ.’ ਤੋਂ ‘ਨਾਟੂ ਨਾਟੂ’। ਪ੍ਰਬੰਧਕਾਂ ਨੇ ਗੀਤ ਨੂੰ ਪੇਸ਼ ਕਰਨ ਲਈ ਸਟੇਜ ‘ਤੇ ਗੀਤ ਦਾ ਸੈੱਟ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਗੀਤ ਦੀ ਸ਼ੂਟਿੰਗ ਯੂਕ੍ਰੇਨ ਦੀ ਰਾਜਧਾਨੀ ਕੀਵ ‘ਚ ਰਾਸ਼ਟਰਪਤੀ ਭਵਨ ਦੇ ਵਿਹੜੇ ‘ਚ ਕੀਤੀ ਗਈ ਹੈ। ਆਸਕਰ ਸਮਾਰੋਹ ਸੋਮਵਾਰ ਹਾਲੀਵੁੱਡ ਦੇ ਡਾਲਬੀ ਥੀਏਟਰ ‘ਚ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੈਨੀ ਬੋਇਲ ਵੱਲੋਂ ਨਿਰਦੇਸ਼ਤ ਬ੍ਰਿਟੇਨ ਦੀ ਫ਼ਿਲਮ ‘ਸਲਮਡੌਗ ਮਿਲੀਅਨੇਅਰ’ ਦਾ ਗੀਤ ‘ਜੈ ਹੋ’ ਸਰਵੋਤਮ ਮੂਲ ‘ਸਕੋਰ’ ਅਤੇ ਮੂਲ ਗੀਤ ਸ਼੍ਰੇਣੀਆਂ ‘ਚ ਅਕੈਡਮੀ ਐਵਾਰਡ ਜਿੱਤਣ ਵਾਲਾ ਪਹਿਲਾ ਹਿੰਦੀ ਗੀਤ ਹੈ। ਇਸ ਦੇ ਸੰਗੀਤਕਾਰ ਏ.ਆਰ. ਰਹਿਮਾਨ ਸਨ ਅਤੇ ਇਸ ਦੇ ਬੋਲ ਗੁਲਜ਼ਾਰ ਨੇ ਲਿਖੇ ਸਨ ਜਦਕਿ ਗਾਇਆ ਸੁਖਵਿੰਦਰ ਨੇ ਸੀ।