ਅਗਲੇ ਸਾਲ 5 ਨਵੰਬਰ ਨੂੰ ਹੋਣ ਹੋਣ ਵਾਲੀ ਅਮਰੀਕਨ ਰਾਸ਼ਟਰਪਤੀ ਦੀ ਚੋਣ ਭਾਰਤੀ ਮੂਲ ਦੀ ਰਿਪਬਲਿਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਆਪਣੀ ਦਾਅਵੇਦਾਰੀ ਲਈ ਰਸਮੀ ਤੌਰ ‘ਤੇ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਕ ਸਮੇਂ ਦੇ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਆਪਣੇ-ਆਪ ਨੂੰ ਇਕ ਨੌਜਵਾਨ ਅਤੇ ਤਾਜ਼ਾ ਬਦਲ ਵਜੋਂ ਪੇਸ਼ ਕੀਤਾ ਹੈ। ਹੇਲੀ (51) ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੈ ਅਤੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਸੀ। ਸਾਊਥ ਕੈਰੋਲੀਨਾ ‘ਚ ਇਕ ਪ੍ਰੋਗਰਾਮ ਦੌਰਾਨ ਆਪਣੇ ਉਤਸ਼ਾਹਿਤ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਐਲਾਨ ਕੀਤਾ, ‘ਇਕ ਮਜ਼ਬੂਤ ਅਮਰੀਕਾ ਦੇ ਲਈ। ਇਕ ਗੌਰਵਸ਼ਾਲੀ ਅਮਰੀਕਾ ਲਈ। ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ‘ਚ ਸ਼ਾਮਲ ਹੋਈ ਹਾਂ।’ ਉਨ੍ਹਾਂ ਕਿਹਾ, ‘ਜਦੋਂ ਅਮਰੀਕਾ ਉਤਾਰ-ਚੜ੍ਹਾਅ ‘ਚੋਂ ਲੰਘਦਾ ਹੈ ਤਾਂ ਦੁਨੀਆ ਘੱਟ ਸੁਰੱਖਿਅਤ ਹੋ ਜਾਂਦੀ ਹੈ। ਅਤੇ ਅੱਜ ਸਾਡੇ ਦੁਸ਼ਮਣ ਸੋਚਦੇ ਹਨ ਕਿ ਅਮਰੀਕਾ ਦਾ ਦੌਰ ਬੀਤ ਗਿਆ ਹੈ। ਉਹ ਗਲਤ ਹਨ।’ ਹੇਲੀ ਨੇ ਕਿਹਾ, ‘ਜੇਕਰ ਅਸੀਂ 20ਵੀਂ ਸਦੀ ਦੇ ਸਿਆਸਤਦਾਨਾਂ ‘ਤੇ ਭਰੋਸਾ ਕਰਨਾ ਜਾਰੀ ਰੱਖਦੇ ਹਾਂ ਤਾਂ ਅਸੀਂ 21ਵੀਂ ਸਦੀ ਦੀਆਂ ਲੜਾਈਆਂ ਨਹੀਂ ਜਿੱਤ ਸਕਾਂਗੇ ਅਤੇ ਇਸ ਲਈ ਮੈਂ ਐਲਾਨ ਕਰਦੀ ਹਾਂ। ਮੈਂ ਪ੍ਰਵਾਸੀਆਂ ਦੀ ਧੀ ਹੋਣ ਦੇ ਨਾਤੇ ਇਕ ਲੜਾਕੂ ਯੋਧੇ ਦੀ ਮਾਣਮੱਤੀ ਪਤਨੀ ਦੇ ਰੂਪ ‘ਚ ਅਤੇ ਦੋ ਸ਼ਾਨਦਾਰ ਬੱਚਿਆਂ ਦੀ ਮਾਂ ਵਜੋਂ ਤੁਹਾਡੇ ਸਾਹਮਣੇ ਖੜ੍ਹੀ ਹਾਂ।’ ਉਸ ਦੀ ਰਸਮੀ ਘੋਸ਼ਣਾ ਦਾ ਇਹ ਮਤਲਬ ਹੈ ਕਿ ਉਹ ਨਾਮਜ਼ਦਗੀ ਹਾਸਲ ਕਰਨ ਦੇ ਲਈ 76 ਸਾਲਾ ਟਰੰਪ ਦਾ ਮੁਕਾਬਲਾ ਕਰਨ ਵਾਲੀ ਪਹਿਲੀ ਦਾਅਵੇਦਾਰ ਹੋਵੇਗੀ। ਜ਼ਿਕਰਯੋਗ ਹੈ ਕਿ ਹੇਲੀ ਅਤੇ ਟਰੰਪ ਦੋਵੇਂ ਹੀ ਰਿਪਬਲਿਕਨ ਪਾਰਟੀ ਤੋਂ ਹਨ। ਰਾਸ਼ਟਰਪਤੀ ਚੋਣ ਪ੍ਰਕਿਰਿਆ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹੇਲੀ ਨੂੰ ਰਿਪਬਲਿਕਨ ਪਾਰਟੀ ਦੀ ‘ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ’ ਵਿੱਚ ਜਿੱਤ ਹਾਸਲ ਕਰਨੀ ਹੋਵੇਗੀ, ਜੋ ਅਗਲੇ ਸਾਲ ਜਨਵਰੀ ‘ਚ ਹੋਣ ਵਾਲੀ ਹੈ।