ਆਸਟਰੇਲੀਆ ‘ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ‘ਚ ਸੁਪਰ 12 ਦੇ ਮੈਚ ‘ਚ ਨਿਊਜ਼ੀਲੈਂਡ ਤੇ ਸ੍ਰੀਲੰਕਾ ਦਰਮਿਆਨ ਮੁਕਾਬਲਾ ਹੋਇਆ। ਮੈਚ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 65 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਜਿੱਤ ਲਈ 168 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਟੀਮ 19.2 ਓਵਰਾਂ ”ਚ 10 ਵਿਕਟਾਂ ਦੇ ਨੁਕਸਾਨ ‘ਤੇ 102 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਨੇ ਇਹ ਮੈਚ 65 ਦੌੜਾਂ ਨਾਲ ਜਿੱਤ ਲਿਆ। ਆਪਣੀ ਬੱਲੇਬਾਜ਼ੀ ਦੇ ਦੌਰਾਨ ਸ੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਸ੍ਰੀਲੰਕਾ ਨੇ 8 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ। ਸ੍ਰੀਲੰਕਾ ਵਲੋਂ ਪਥੁਮ ਨਿਸਾਂਕਾ 0 ਦੇ ਨਿੱਜੀ ਸਕੋਰ ‘ਤੇ, ਕੁਸਲ ਮੇਂਡਿਸ 4 ਦੌੜਾਂ, ਚਮਿਕਾ ਕਰੁਣਾਰਤਨੇ 3, ਭਾਨੁਕਾ ਰਾਜਪਕਸ਼ੇ 34, ਵਾਨਿੰਦੂ ਹਸਰੰਗਾਂ 4, ਮਹੀਸ਼ ਥੀਕਸ਼ਾਨਾ 0 ਤੇ ਕਪਤਾਨ ਦਾਸੁਨ ਸ਼ਨਾਕਾ 35 ਦੌੜਾਂ ਬਣਾ ਆਊਟ ਹੋਏ। ਨਿਊਜ਼ੀਲੈਂਡ ਵਲੋਂ ਟਿਮ ਸਾਊਥੀ ਨੇ 1, ਟ੍ਰੇਂਟ ਬੋਲਟ ਨੇ 3, ਲਾਕੀ ਫਰਗਿਊਸਨ 1, ਮਿਸ਼ੇਲ ਸੈਂਟਨਰ 2 ਤੇ ਈਸ਼ ਸੋਢੀ ਨੇ 1 ਵਿਕਟ ਲਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਵਲੋਂ ਗਲੇਨ ਫਿਲੀਪਸ ਨੇ ਸ਼ਾਨਦਾਰ 104 ਦੌੜਾਂ ਦੀ ਪਾਰੀ ਖੇਡੀ। ਪਰ ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਨਿਊਜ਼ੀਲੈਂਡ ਵੱਲੋਂ ਫਿੰਨ ਐਲੇਨ ਨੇ 1, ਡੇਵੋਨ ਕੌਨਵੇਰ ਨੇ 1, ਕਪਤਾਨ ਕੇਨ ਵਿਲੀਅਮਸ ਨੇ 8, ਡੇਰਿਲ ਮਿਸ਼ੇਲ ਨੇ 22 ਤੇ ਜੇਮਸ ਨੀਸ਼ਮ ਨੇ 5 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਮਹੇਸ਼ ਥਿਕਸ਼ਾਨਾ ਨੇ 1, ਕਸੁਨ ਰਜੀਥਾ ਨੇ 2 ਜਦਕਿ ਧਨੰਜੈ ਡਿਸਲਵਾ, ਵਾਨਿੰਦੂ ਹਸਰੰਗਾ ਤੇ ਲਾਹਿਰੂ ਕੁਮਾਰਾ ਨੇ 1-1 ਵਿਕਟ ਲਈ।