ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ। ਨਮ ਅੱਖਾਂ ਨਾਲ ਆਰਡਰਨ ਨੇ ਨੇਪੀਅਰ ‘ਚ ਪੱਤਰਕਾਰਾਂ ਨੂੰ ਕਿਹਾ ਕਿ 7 ਫਰਵਰੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ। ਉਨ੍ਹਾਂ ਕਿਹਾ, ‘ਮੇਰੇ ਕਾਰਜਕਾਲ ਦਾ ਛੇਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਅਤੇ ਹਰ ਸਾਲ ਮੈਂ ਆਪਣਾ ਸਰਵਸ਼੍ਰੇਸ਼ਠ ਦਿੱਤਾ ਹੈ।’ ਉਨ੍ਹਾਂ ਨੇ ਐਲਾਨ ਕੀਤਾ ਕਿ ਨਿਊਜ਼ੀਲੈਂਡ ਦੀਆਂ ਅਗਲੀਆਂ ਆਮ ਚੋਣਾਂ 14 ਅਕਤੂਬਰ ਨੂੰ ਹੋਣਗੀਆਂ ਅਤੇ ਉਹ ਉਦੋਂ ਤੱਕ ਸੰਸਦ ਮੈਂਬਰ ਵਜੋਂ ਸੇਵਾ ਨਿਭਾਉਂਦੀ ਰਹੇਗੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਚੋਣਾਂ ਤੱਕ ਪ੍ਰਧਾਨ ਮੰਤਰੀ ਦਾ ਅਹੁਦਾ ਕੌਣ ਸੰਭਾਲੇਗਾ। ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਐਲਾਨ ਕੀਤਾ ਹੈ ਕਿ ਉਹ ਲੇਬਰ ਪਾਰਟੀ ਦੀ ਅਗਵਾਈ ਲਈ ਚੋਣ ਨਹੀਂ ਲੜਨਗੇ। ਆਰਡਰਨ ਨੇ ਆਪਣੇ ਅਹੁਦੇ ਨੂੰ ਕਈ ਵਿਸ਼ੇਸ਼ ਅਧਿਕਾਰਾਂ ਨਾਲ ਭਰਿਆ ਪਰ ਚੁਣੌਤੀਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਭੂਮਿਕਾ ਨੂੰ ਨਿਭਾਉਣ ਲਈ ਹਮੇਸ਼ਾ ਅਣਕਿਆਸੀਆਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਮੈਂ ਇਸ ਅਹੁਦੇ ਨੂੰ ਇਸ ਲਈ ਨਹੀਂ ਛੱਡ ਰਹੀ ਕਿਉਂਕਿ ਇਹ ਚੁਣੌਤੀਆਂ ਨਾਲ ਭਰਿਆ ਹੈ। ਜੇਕਰ ਅਜਿਹਾ ਹੁੰਦਾ ਤਾਂ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਦੋ ਮਹੀਨੇ ਬਾਅਦ ਹੀ ਅਹੁਦਾ ਛੱਡ ਦਿੱਤਾ ਹੁੰਦਾ। ਮੈਂ ਇਸ ਅਹੁਦੇ ਨੂੰ ਇਸ ਲਈ ਛੱਡ ਰਹੀ ਹਾਂ ਕਿਉਂਕਿ ਇਸ ਦੇ ਨਾਲ ਮਿਲਣ ਵਾਲੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ। ਇਹ ਜਾਣਨ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਅਗਵਾਈ ਕਰਨ ਲਈ ਕਦੋਂ ਸਹੀ ਵਿਅਕਤੀ ਹੋ ਅਤੇ ਕਦੋਂ ਨਹੀਂ। ਮੈਂ ਜਾਣਦੀ ਹਾਂ ਕਿ ਇਸ ਅਹੁਦੇ ਲਈ ਕੀ ਚਾਹੀਦਾ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੇ ਕੋਲ ਹੁਣ ਜਨੂੰਨ ਨਹੀਂ ਹੈ। ਇਹ ਅਸਲ ਗੱਲ ਹੈ। ਆਰਡਰਨ ਦੀ ਉਦਾਰਵਾਦੀ ਲੇਬਰ ਪਾਰਟੀ ਨੇ ਦੋ ਸਾਲ ਪਹਿਲਾਂ ਚੋਣਾਂ ‘ਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ ਪਰ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਨੂੰ ਉਨ੍ਹਾਂ ਦੇ ਰੂੜੀਵਾਦੀ ਵਿਰੋਧੀਆਂ ਨੇ ਪਛਾੜ ਦਿੱਤਾ ਸੀ। ਆਰਡਰਨ ਦੀ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਕਦਮਾਂ ਲਈ ਵਿਸ਼ਵ ਭਰ ‘ਚ ਪ੍ਰਸ਼ੰਸਾ ਕੀਤੀ ਗਈ ਸੀ। ਹਾਲਾਂਕਿ ਪਾਬੰਦੀਆਂ ਬਹੁਤ ਸਖ਼ਤ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਦੇਸ਼ ਦੇ ਅੰਦਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਆਰਡਰਨ ਨੇ ਦਸੰਬਰ ‘ਚ ਐਲਾਨ ਕੀਤਾ ਸੀ ਕਿ ਇਕ ਰਾਇਲ ਕਮਿਸ਼ਨ ਆਫ਼ ਇਨਕੁਆਇਰੀ ਇਸ ਗੱਲ ਦੀ ਜਾਂਚ ਕਰੇਗਾ ਕਿ ਕੀ ਸਰਕਾਰ ਨੇ ਕੋਵਿਡ-19 ਨਾਲ ਨਜਿੱਠਣ ‘ਚ ਸਹੀ ਫੈਸਲੇ ਲਏ ਹਨ ਅਤੇ ਭਵਿੱਖ ਦੀਆਂ ਮਹਾਮਾਰੀ ਲਈ ਬਿਹਤਰ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ। ਇਸ ਦੀ ਰਿਪੋਰਟ ਅਜੇ ਨਹੀਂ ਆਈ ਹੈ। ਮਾਰਚ 2019 ‘ਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਇਕ ਗੋਰੇ ਬੰਦੂਕਧਾਰੀ ਨੇ ਦੋ ਮਸਜਿਦਾਂ ‘ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ‘ਚ 51 ਲੋਕ ਮਾਰੇ ਗਏ ਸਨ, ਇਹ ਇਕ ਵੱਡੀ ਘਟਨਾ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਆਰਡਰਨ ਨੇ ਪ੍ਰਭਾਵਿਤਾ ਅਤੇ ਨਿਊਜ਼ੀਲੈਂਡ ਦੇ ਮੁਸਲਿਮ ਭਾਈਚਾਰੇ ਦਾ ਸਮਰਥਨ ਕੀਤਾ ਸੀ, ਉਸ ਲਈ ਉਨ੍ਹਾਂ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਗਈ ਸੀ।