ਨਿਊਜ਼ੀਲੈਂਡ ਦੇ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਘਾਤਕ ਗੋਲੀਬਾਰੀ ‘ਚ 51 ਮੁਸਲਮਾਨਾਂ ਦਾ ਕਤਲ ਕਰਨ ਵਾਲੇ ਵਿਅਕਤੀ ਨੇ ਆਪਣੀ ਦੋਸ਼ਸਿੱਧੀ ਅਤੇ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਨਿਊਜ਼ੀਲੈਂਡ ਦੀ ਅਪੀਲ ਕੋਰਟ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਬੰਦੂਕਧਾਰੀ ਬ੍ਰੈਂਟਨ ਟੈਰੈਂਟ ਨੇ ਪਿਛਲੇ ਹਫ਼ਤੇ ਇਕ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਤਾਰੀਖ਼ ਅਜੇ ਤੈਅ ਹੋਣੀ ਬਾਕੀ ਹੈ। ਗੋਰੇ ਲੋਕਾਂ ਦੇ ਸਰਬੋਤਮ ਹੋਣ ਦੀ ਮਾਨਸਿਕਤਾ ਰੱਖਣ ਵਾਲੇ ਟੈਰੇਂਟ ਨੇ ਮਾਰਚ 2019 ‘ਚ ਜੁਮੇ ਦੀ ਨਮਾਜ਼ ਦੌਰਾਨ ਕ੍ਰਾਈਸਟਚਰਚ ਦੀਆਂ ਮਸਜਿਦਾਂ ‘ਚ ਸ਼ਰਧਾਲੂਆਂ ‘ਤੇ ਫਾਇਰਿੰਗ ਕੀਤੀ ਸੀ। ਹਮਲੇ ‘ਚ ਕਈ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਨੂੰ ਉਸ ਨੇ ਫੇਸਬੁੱਕ ‘ਤੇ ਲਾਈਵ ਸਟ੍ਰੀਮ ਵੀ ਕੀਤਾ ਸੀ। ਅਗਲੇ ਸਾਲ ਟੈਰੈਂਟ ਨੂੰ ਕਤਲ ਦੇ 51 ਮਾਮਲਿਆਂ, ਕਤਲ ਦੀ ਕੋਸ਼ਿਸ਼ ਦੇ 40 ਮਾਮਲਿਆਂ ਅਤੇ ਅੱਤਵਾਦ ਦੇ ਇਕ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵੱਲੋਂ ਉਸ ਦੀ ਅਪੀਲ ਦੇ ਵੇਰਵੇ ਤੁਰੰਤ ਮੁਹੱਈਆ ਨਹੀਂ ਕਰਵਾਏ ਗਏ ਹਨ।