ਅਮਰੀਕਾ ’ਚ ਉਸ ਵਿਅਕਤੀ ਦਾ ਕਤਲ ਹੋ ਗਿਆ ਜਿਸ ਨੇ ਕੁਝ ਦਿਨ ਪਹਿਲਾਂ ਹੀ ਸਿੱਖਾਂ ਉਤੇ ਹਮਲਾ ਕੀਤਾ ਸੀ। ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ 19 ਸਾਲਾ ਵਰਨੌਨ ਡਗਲਸ ਦੀ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਇਹ ਕਤਲ ਸਿੱਖਾਂ ਉਪਰ ਹਮਲੇ ਦਾ ਬਦਲਾ ਲੈਣ ਦੀ ਕਾਰਵਾਈ ਨਹੀਂ ਹੈ ਪਰ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਘਟਨਾ ਬ੍ਰਾਊਨਜ਼ਵਿਲ ਦੇ ਲੌਟ ਐਵੇਨਿਊ ਨੇਡ਼ੇ ਰੌਕਵੇਅ ਐਵੇਨਿਊ ਦੀ ਹੈ ਜਿਥੇ ਕਾਤਲ ਵੱਲੋਂ ਵਰਨੌਨ ਦੀ ਛਾਤੀ ’ਚ ਛੁਰਾ ਮਾਰ ਦਿੱਤਾ ਗਿਆ ਅਤੇ ਉਸ ਦੀ ਮੌਤ ਹੋ ਗਈ। ਯਾਦ ਰਹੇ ਕਿ ਨਿਊਯਾਰਕ ’ਚ ਉਪਰੋਂ ਥਲੀਂ ਸਿੱਖਾਂ ’ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ’ਚ ਉਹ ਸਿੱਖ ਬਜ਼ੁਰਗ ਵੀ ਸ਼ਾਮਲ ਸੀ ਜੋ ਕੈਨੇਡਾ ਤੋਂ ਕੁਝ ਹੀ ਦਿਨ ਪਹਿਲਾਂ ਆਇਆ ਸੀ ਅਤੇ ਉਸ ’ਤੇ ਗੁਰਦੁਆਰੇ ਜਾਂਦੇ ਸਮੇਂ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੋ ਸਿੱਖਾਂ ’ਤੇ ਨਿਊਯਾਰਕ ’ਚ ਹੀ ਹਮਲਾ ਹੋਇਆ ਸੀ।