ਵਿਵਾਦਾਂ ‘ਚ ਰਹਿਣ ਵਾਲੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਪੂਰੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ‘ਤੇ ਆਪਣਾ ਪੱਤਰ ਸੌਂਪਿਆ। ਉਪਰੰਤ ਲੰਗਾਹ ਦੀ ‘ਘਰ ਵਾਪਸੀ’ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੈਰਹਾਜ਼ਰੀ ‘ਚ ਇਹ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਪ੍ਰਾਪਤ ਕੀਤਾ। ਲੰਗਾਹ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਦੀ 25 ਨਵੰਬਰ ਨੂੰ ਸੇਵਾ ਲਾਈ ਸੀ ਜਿਸ ਦੇ ਆਖਰੀ ਪੜਾਅ ਵਜੋਂ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕਰੀਬ 7 ਘੰਟੇ ਢਾਡੀ ਵਾਰਾਂ ਸੁਣੀਆਂ ਅਤੇ ਢਾਡੀ ਸਿੰਘਾਂ ਨੂੰ ਆਪਣੇ ਘਰੋਂ ਤਿਆਰ ਕਰਵਾ ਕੇ ਲਿਆਂਦਾ ਪ੍ਰਸ਼ਾਦਾ ਵੀ ਛਕਾਇਆ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਮੈਂ ਅਕਾਲੀ ਦਲ’ਚ ਨਹੀਂ ਹਾਂ ਪਰ ਮੈਂ ਆਖਰੀ ਸਾਹ ਤਕ ਅਕਾਲੀ ਹੀ ਰਹਾਂਗਾ। ਇਸ ਮੌਕੇ ਲੰਗਾਹ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਲੋਈਆਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।