ਅਮਰੀਕਾ ‘ਚ ਹੁਣ 2.40 ਕਰੋੜ ਵਿਦਿਆਰਥੀ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਕਿਉਂਕਿ ਦੋ ਹੋਰ ਅਮਰੀਕਨ ਸੂਬਿਆਂ ਨੇ ਸਮਾਜਿਕ ਸਿੱਖਿਆ ਦੇ ਨਵੇਂ ਮਾਪਦੰਡਾਂ ਦੇ ਪੱਖ ‘ਚ ਮਤਾ ਪਾਇਆ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਇਨ੍ਹਾਂ ਦੋਵੇਂ ਸੂਬਿਆਂ ਦੇ ਸਕੂਲਾਂ ‘ਚ ਹੁਣ ਸਿੱਖੀ ਜਾਂ ਸਿੱਖ ਧਰਮ ਬਾਰੇ ਪੜ੍ਹਾਇਆ ਜਾਵੇਗਾ ਜੋ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ। ਉਟਾਹ ਤੇ ਮਿਸੀਸਿਪੀ ਅਮਰੀਕਾ ਦੇ ਅਜਿਹੇ 15ਵੇਂ ਤੇ 16ਵੇਂ ਸੂਬੇ ਬਣ ਗਏ ਹਨ ਜਿਨ੍ਹਾਂ ਨੇ ਹਾਲ ਹੀ ‘ਚ ਆਪੋ-ਆਪਣੇ ਸਮਾਜਿਕ ਸਿੱਖਿਆ ਦੇ ਪਾਠਕ੍ਰਮ ‘ਚ ਸਿੱਖੀ, ਸਿੱਖ ਧਰਮ ਅਤੇ ਸਿੱਖ ਰਵਾਇਤਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਊਟਾਹ ‘ਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ‘ਚ ਤਕਰੀਬਨ 4,57,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਿੱਖ ਕੋਲੀਸ਼ਨ ਵੱਲੋਂ ਇਸੇ ਸਾਲ ਜਨਵਰੀ ਮਹੀਨੇ ‘ਚ ਸੂਬਾ ਸਿੱਖਿਆ ਬੋਰਡ ਦੀ ਮੀਟਿੰਗ ‘ਚ ਇਹ ਮੰਗ ਰੱਖੀ ਗਈ ਸੀ ਕਿ ਨਵੇਂ ਮਾਪਦੰਡਾਂ ‘ਚ ਸਿੱਖੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸਿੱਖ ਕੋਲੀਸ਼ਨ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਇਕ ਬਿਆਨ ‘ਚ ਕਿਹਾ, ‘ਸੰਮਲਿਤ ਤੇ ਸਹੀ ਮਾਪਦੰਡ ਕੱਟੜਤਾ ਨਾਲ ਲੜਨ ਤੇ ਧੱਕੇਸ਼ਾਹੀ ਘਟਾਉਣ ਵੱਲ ਇਹ ਇਕ ਅਹਿਮ ਕਦਮ ਹੈ।’ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ‘ਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਨ ਸਮਾਜ ‘ਚ ਯੋਗਦਾਨ ਪਾਇਆ ਹੈ। ਜੈਕਸਨ ਦੇ ਸਿੱਖ ਭਾਈਚਾਰੇ ਦੇ ਮੈਂਬਰ ਅਮਰੀਕ ਸਿੰਘ ਨੇ ਕਿਹਾ ਕਿ ਇਹ ਨਵੇਂ ਮਾਪਦੰਡ ਮਿਸੀਸਿਪੀ ‘ਚ ਸਾਡੇ ਵਧ ਰਹੇ ਸਿੱਖ ਭਾਈਚਾਰੇ ਲਈ ਸਾਡੇ ਗੁਆਂਢੀਆਂ ਨੂੰ ਸਿੱਖ ਧਰਮ ਬਾਰੇ ਸਿੱਖਿਅਤ ਕਰਨ ਅਤੇ ਸੂਬੇ ‘ਚ ਸਿੱਖ ਵਿਦਿਆਰਥੀਆਂ ਦੀ ਬਿਹਤਰ ਸੁਰੱਖਿਆ ਅਤੇ ਪਛਾਣ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਸਿੱਖ ਵਿਦਿਆਰਥੀਆਂ ਅਨੁਸਾਰ, ਇਹ ਕਦਮ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਧਰਮ ਬਾਰੇ ਸਹੀ ਅਤੇ ਸੰਵਿਧਾਨਕ ਢੰਗ ਨਾਲ ਸਿੱਖਿਅਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਸਿੱਖ ਅਲਾਇੰਸ ਨੇ ਇਸ ਸਾਲ ਜਨਵਰੀ ‘ਚ ਸਟੇਟ ਬੋਰਡ ਆਫ਼ ਐਜੂਕੇਸ਼ਨ ਦੀ ਮੀਟਿੰਗ ‘ਚ ਸਿੱਖਾਂ ਨੂੰ ਨਵੇਂ ਮਾਪਦੰਡਾਂ ਵਿੱਚ ਸ਼ਾਮਲ ਕਰਨ ਦੀ ਸ਼ੁਰੂਆਤੀ ਬੇਨਤੀ ਤੋਂ ਬਾਅਦ ਇਹ ਕਦਮ ਚੁੱਕਿਆ ਹੈ।