ਇਕ ਹੈਰਾਨ ਕਰਨ ਵਾਲਾ ਮਾਮਲਾ ਅਮਰੀਕਾ ‘ਚ ਸਾਹਮਣੇ ਆਇਆ ਹੈ। ਇਕ ਮਾਤਾ-ਪਿਤਾ ਆਪਣੇ ਦੋ ਸਾਲ ਦੇ ਬੱਚੇ ਨੂੰ ਇਕ ਫਲੈਟ ‘ਚ ਇਕੱਲਾ ਛੱਡ ਕੇ ਛੁੱਟੀਆਂ ਮਨਾਉਣ ਚਲੇ ਗਏ। ਹੁਣ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 24 ਸਾਲ ਦੇ ਡੋਨਾਲਡ ਗੇਕੋਂਗੇ ਅਤੇ ਡਾਰਲਿਨ ਐਲਡਰਿਕ ਅਮਰੀਕਾ ਦੇ ਦੱਖਣੀ ਕੈਰੋਲੀਨਾ ‘ਚ ਰਹਿੰਦੇ ਹਨ। ਅਪਾਰਟਮੈਂਟ ਦੇ ਮੈਨੇਜਰ ਨੇ ਦੱਸਿਆ ਕਿ ਮਾਪਿਆਂ ਨੂੰ ਲਗਾਤਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ‘ਚ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਅਤੇ ਫਿਰ ਬੱਚੇ ਨੂੰ ਬਾਹਰ ਕੱਢਿਆ ਗਿਆ। ਬ੍ਰਿਟਿਸ਼ ਅਖ਼ਬਾਰ ਦਿ ਮਿਰਰ ਮੁਤਾਬਕ ਜਦੋਂ ਪੁਲੀਸ ਪਹੁੰਚੀ ਤਾਂ ਬੱਚਾ ਲਿਵਿੰਗ ਰੂਮ ‘ਚ ਬੈੱਡ ‘ਤੇ ਗੰਦੇ ਡਾਇਪਰ ‘ਚ ਸੁੱਤਾ ਪਿਆ ਸੀ। ਅਧਿਕਾਰੀਆਂ ਮੁਤਾਬਕ ਰਾਹਤ ਦੀ ਗੱਲ ਹੈ ਕਿ ਉਹ ਸੁਰੱਖਿਅਤ ਸੀ। ਪੁਲੀਸ ਨੇ ਦੱਸਿਆ ਕਿ ਬੱਚਾ ਪਾਣੀ ਦੀ ਬੋਤਲ ਲੈਣ ਪਹੁੰਚਿਆ ਪਰ ਉਹ ਖਾਲੀ ਸੀ। ਫਲੈਟ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਪੁਲੀਸ ਫਲੈਟ ‘ਚ ਦਾਖਲ ਹੋਈ ਤਾਂ ਬੱਚਾ ਜਾਗਿਆ ਅਤੇ ਤੁਰੰਤ ਆਪਣੀ ਖਾਲੀ ਪਾਣੀ ਦੀ ਬੋਤਲ ਲੈਣ ਲਈ ਪਹੁੰਚਿਆ। ਬੱਚੇ ਨੂੰ ਬਾਅਦ ‘ਚ ਜਾਂਚ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਅਪਾਰਟਮੈਂਟ ਮੈਨੇਜਰ ਨੇ ਕਈ ਵਾਰ ਮਾਪਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਜਦੋਂ ਗੇਕਾਂਗੇ ਨੇ ਅੰਤ ‘ਚ ਮੈਨੇਜਰ ਨੂੰ ਖੁਦ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਸਵੇਰੇ ਹੀ ਫਲੈਟ ਛੱਡ ਗਿਆ ਸੀ ਅਤੇ ਫਿਲਹਾਲ ਉਹ ਥੋੜ੍ਹੀ ਦੂਰੀ ‘ਤੇ ਸੀ। ਹਾਲਾਂਕਿ ਪਿਤਾ ਨੇ ਬਾਅਦ ‘ਚ ਕਿਹਾ ਕਿ ਉਹ ਕਾਰੋਬਾਰ ਲਈ ਨਿਊਯਾਰਕ ‘ਚ ਸੀ ਅਤੇ ਮਾਂ ਐਲਡਰਿਕ ਬੱਚੇ ਦੀ ਦੇਖਭਾਲ ਕਰ ਰਹੀ ਸੀ। ਬਾਅਦ ‘ਚ ਉਸਨੇ ਫਿਰ ਆਪਣੀ ਕਹਾਣੀ ਬਦਲ ਦਿੱਤੀ ਅਤੇ ਮੰਨਿਆ ਕਿ ਉਸਦੀ ਪਤਨੀ ਵੀ ਨਿਊਯਾਰਕ ‘ਚ ਸੀ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।