ਦੋ ਸਾਲਾਂ ਦੇ ਵਕਫ਼ੇ ਮਗਰੋਂ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਬੋਧ ਗਯਾ ਪੁੱਜੇ। ਕਰੋਨਾ ਮਹਾਮਾਰੀ ਕਾਰਨ ਉਹ ਬੋਧੀਆਂ ਦੇ ਧਾਰਮਿਕ ਸਥਾਨ ਦੇ ਦੌਰੇ ‘ਤੇ ਨਹੀਂ ਜਾ ਸਕੇ ਸਨ। ਗਯਾ ਏਅਰਪੋਰਟ ‘ਤੇ ਜ਼ਿਲ੍ਹਾ ਮੈਜਿਸਟਰੇਟ ਥਿਆਗਰਾਜਨ ਅਤੇ ਐੱਸ.ਐੱਸ.ਪੀ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਅਧਿਕਾਰੀਆਂ ਨੇ ਦਲਾਈ ਲਾਮਾ ਦਾ ਨਿੱਘਾ ਸਵਾਗਤ ਕੀਤਾ। ਬੋਧ ਗਯਾ ਮੰਦਰ ਪ੍ਰਬੰਧਨ ਟਰੱਸਟ ਦੇ ਮੈਂਬਰ ਅਰਵਿੰਦ ਸਿੰਘ ਮੁਤਾਬਕ ਦਲਾਈ ਲਾਮਾ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ਲੋਕ ਸੜਕ ਦੇ ਕੰਢੇ ‘ਤੇ ਖੜ੍ਹੇ ਹੋਏ ਸਨ। ਦਲਾਈ ਲਾਮਾ ਕਾਲਚੱਕਰ ਮੈਦਾਨ ‘ਚ 29 ਤੋਂ 31 ਦਸੰਬਰ ਤੱਕ ਪ੍ਰਵਚਨ ਕਰਨਗੇ। ਨੋਬੇਲ ਪੁਰਸਕਾਰ ਜੇਤੂ ਦੀ ਆਮਦ ‘ਤੇ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਜਨਵਰੀ 2018 ‘ਚ ਪ੍ਰਵਚਨ ਵਾਲੀ ਥਾਂ ‘ਤੇ ਧਮਾਕਾ ਹੋਇਆ ਸੀ। ਉਧਰ ਸਿਹਤ ਵਿਭਾਗ ਨੇ ਬੋਧ ਗਯਾ ‘ਚ ਕੋਵਿਡ ਪ੍ਰੋਟੋਕਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ ਹੋਇਆ ਹੈ ਜਿਥੇ ਦੁਨੀਆ ਭਰ ਤੋਂ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਕੀਤੀ ਜਾ ਰਹੀ ਹੈ। ਗਯਾ ਜ਼ਿਲ੍ਹੇ ਦੇ ਮੈਡੀਕਲ ਅਧਿਕਾਰੀ ਡਾਕਟਰ ਰੰਜਨ ਸਿੰਘ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਕੋਵਿਡ ਟੈਸਟ ਲਈ ਸਿਹਤ ਅਮਲਾ ਤਾਇਨਾਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।