ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਲਗਾਤਾਰ ਚਰਚਾ ‘ਚ ਹਨ। ਪੰਜਾਬ ਦੀ ਸਿਆਸਤ, ਖਾਸਕਰ ਕਾਂਗਰਸ ਦੀ ਸਿਆਸਤ, ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੱਧੂ ਦੁਆਲੇ ਘੁੰਮਦੀ ਪ੍ਰਤੀਤ ਹੋ ਰਹੀ ਹੈ। ਬੇਸ਼ਕ ਕੁਝ ਸਮੇਂ ਤੋਂ ਨਵਜੋਤ ਸਿੱਧੂ ਨੇ ਇਕ ਤਰ੍ਹਾਂ ਨਾਲ ਮੌਨ ਧਾਰਿਆ ਹੋਇਆ ਹੈ ਪਰ ਬਿਨਾਂ ਬੋਲੇ ਹੀ ਉਹ ਬਹੁਤ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਸ਼ਮਸ਼ੇਰ ਸਿੰਘ ਦੂਲੋ ਅਤੇ ਲਾਲ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ ਕੇ.ਪੀ. ਨੇ ਅੱਜ ਪਟਿਆਲਾ ਕੇਂਦਰੀ ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਅੱਜ ਹੀ ਨਵਜੋਤ ਸਿੱਧੂ ਨੂੰ ਜੇਲ੍ਹ ‘ਚ ਮਿਲੇ। ਇਨ੍ਹਾਂ ਮੁਲਾਕਾਤਾਂ ਨੇ ਨਵੀਂ ਚਰਚਾ ਤਾਂ ਛੇੜੀ ਹੀ, ਨਾਲ ਹੀ ਸਿਆਸੀ ਹਚਚਲ ਵੀ ਤੇਜ਼ ਹੋ ਗਈ ਹੈ। ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਸੀਨੀਅਰ ਆਗੂ ਲਾਲ ਸਿੰਘ ਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਸਿੱਧੂ ਨਾਲ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਦੋਵੇਂ ਆਗੂਆਂ ਨੇ ਇਸ ਮੁਲਾਕਾਤ ਨੂੰ ਆਮ ਕਰਾਰ ਦਿੱਤਾ ਹੈ ਪਰ ਸਿਆਸੀ ਵਿਹੜੇ ‘ਚ ਨਵੀਂ ਚਰਚਾ ਛਿੜ ਗਈ ਹੈ। ਮੁਲਾਕਾਤ ਤੋਂ ਪਹਿਲਾਂ ਜੇਲ੍ਹ ਦੇ ਬਾਹਰ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸੀਨੀਆ ਆਗੂ ਲਾਲ ਸਿੰਘ ਨੇ ਕਿਹਾ ਕਿ ਸਿੱਧੂ ਨਾਲ ਉਹ ਆਮ ਮੁਲਾਕਾਤ ਕਰਨ ਲਈ ਪੁੱਜੇ ਹਨ। ਸਿੱਧੂ ਟਕਸਾਲੀ ਕਾਂਗਰਸੀ ਹੈ ਤੇ ਪਿਤਾ ਤੇ ਮਾਤਾ ਵੀ ਕਾਂਗਰਸ ਨਾਲ ਜੁੜੇ ਰਹੇ ਹਨ। ਅੱਜ ਵੀ ਕਾਂਗਰਸੀ ਹੈ ਤੇ ਅੱਗੇ ਵੀ ਕਾਂਗਰਸੀ ਰਹੇਗਾ। ਲਾਲ ਸਿੰਘ ਨੇ ਕਿਹਾ ਕਿ ਉਹ ਖੁਦ 50 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨਾ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਸਾਰੇ ਇਕੱਠੇ ਹਾਂ ਤੇ ਸਿੱਧੂ ਬਾਰੇ ਭਰੋਸਾ ਹੈ ਕਿ ਕਾਂਗਰਸ ਪਾਰਟੀ ਲਈ ਹਮੇਸ਼ਾ ਖੜੇ ਰਹਿਣਗੇ। ਲਾਲ ਸਿੰਘ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨਾਲ ਕਾਂਗਰਸ ਮਜ਼ਬੂਤ ਹੋ ਰਹੀ ਹੈ। ਭਾਵੇਂ ਕਿ ਨਵਜੋਤ ਸਿੱਧੂ ਯਾਤਰਾ ਤੋਂ ਬਾਅਦ ਰਿਹਾਅ ਹੋ ਰਹੇ ਹਨ ਪਰ ਉਨ੍ਹਾਂ ਦਾ ਵੀ ਪੂਰਾ ਸਹਿਯੋਗ ਹੈ। ਪੱਤਰਕਾਰਾਂ ਵਲੋਂ ਰਾਜਾ ਵੜਿੰਗ ਤੇ ਸਿੱਧੂ ਦੇ ਰਿਸ਼ਤਿਆਂ ਬਾਰੇ ਪੁੱਛੇ ਸਵਾਲ ‘ਤੇ ਲਾਲ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਨਵਜੋਤ ਸਿੱਧੂ ਤੋਂ ਕੋਈ ਇਤਰਾਜ਼ ਨਹੀਂ ਹੈ, ਬਾਕੀ ਸਭ ਗੱਲਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਕ ਵਾਰ ਪ੍ਰਿਯੰਕਾ ਗਾਂਧੀ ਦੀ ਚਿੱਠੀ ਵੀ ਜੇਲ੍ਹ ‘ਚ ਨਵਜੋਤ ਸਿੱਧੂ ਤੱਕ ਪਹੁੰਚਣ ਦੀ ਖ਼ਬਰ ਸਾਹਮਣੇ ਆਈ ਸੀ। ਉਸ ਤੋਂ ਬਾਅਦ ਜਿਵੇਂ ਸੀਨੀਅਰ ਕਾਂਗਰਸੀ ਆਗੂ ਜੇਲ੍ਹ ‘ਚ ਬੰਦ ਨਵਜੋਤ ਸਿੱਧੂ ਦੁਆਲੇ ਇਕੱਠੇ ਹੋ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਮਗਰੋਂ ਸਿਆਸੀ ਸਮੀਕਰਨ ਬਦਲਣਗੇ ਅਤੇ ਪੰਜਾਬ ਕਾਂਗਰਸ ‘ਚ ਵੀ ਵੱਡੇ ਬਦਲਾਅ ਦੇ ਆਸਾਰ ਹਨ।