ਦੋ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ ‘ਚ ਨਹੀਂ ਖੇਡੇਗੀ। ਆਯੋਜਕਾਂ ਨੇ ਬਿਆਨ ਦੇ ਕੇ ਪੁਸ਼ਟੀ ਕੀਤੀ ਕਿ 2019 ਅਤੇ 2021 ਦੀ ਚੈਂਪੀਅਨ ਜਪਾਨ ਦੀ ਓਸਾਕਾ ਆਸਟਰੇਲੀਅਨ ਓਪਨ ‘ਚ ਹਿੱਸਾ ਨਹੀਂ ਲਵੇਗੀ। ਆਯੋਜਕਾਂ ਨੇ ਕਿਹਾ, ‘ਨਾਓਮੀ ਓਸਾਕਾ ਆਸਟਰੇਲੀਅਨ ਓਪਨ ਤੋਂ ਹਟ ਗਈ ਹੈ। ਅਸੀਂ ਆਸਟਰੇਲੀਅਨ ਓਪਨ 2023 ‘ਚ ਉਸ ਦੀ ਕਮੀ ਮਹਿਸੂਸ ਕਰਾਂਗੇ।’ 25 ਸਾਲਾ ਓਸਾਕਾ ਵਿਸ਼ਵ ਰੈਂਕਿੰਗ ‘ਚ ਖਿਸਕ ਕੇ 47ਵੇਂ ਸਥਾਨ ‘ਤੇ ਆ ਗਈ ਹੈ ਅਤੇ ਉਹ ਸਤੰਬਰ ‘ਚ ਟੋਕੀਓ ‘ਚ ਦੂਜੇ ਦੌਰ ਤੋਂ ਬਾਹਰ ਹੋਣ ਤੋਂ ਬਾਅਦ ਨਹੀਂ ਖੇਡੀ ਹੈ। ਓਸਾਕਾ ਦੀ ਜਗ੍ਹਾ ਡੇਯਾਨਾ ਯਾਸਟਰੇਮਸਕਾ ਨੂੰ ਮੁੱਖ ਡਰਾਅ ‘ਚ ਰੱਖਿਆ ਗਿਆ ਹੈ। ਆਸਟਰੇਲੀਅਨ ਓਪਨ 16 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾਂ ਹੀ ਕਈ ਪ੍ਰਮੁੱਖ ਖਿਡਾਰੀ ਟੂਰਨਾਮੈਂਟ ਤੋਂ ਹਟ ਚੁੱਕੇ ਹਨ। ਪੁਰਸ਼ਾਂ ਦੇ ਵਿਸ਼ਵ ਦਾ ਨੰਬਰ ਇਕ ਖਿਡਾਰੀ ਕਾਰਲੋਸ ਅਲਕਾਰੇਜ਼ ਗਿੱਟੇ ਦੀ ਸੱਟ ਕਾਰਨ ਸ਼ਨੀਵਾਰ ਨੂੰ ਟੂਰਨਾਮੈਂਟ ਤੋਂ ਹਟ ਗਿਆ। ਸਾਬਕਾ ਫਾਈਨਲਿਸਟ ਸਿਮੋਨਾ ਹਾਲੇਪ ਵੀ ਇਸ ਸਾਲ ਹੋਣ ਵਾਲੇ ਆਸਟਰੇਲੀਅਨ ਓਪਨ ‘ਚ ਨਹੀਂ ਖੇਡੇਗੀ, ਜਦੋਂ ਕਿ ਵੀਨਸ ਵਿਲੀਅਮਸ ਨੇ ਵੀ ਆਕਲੈਂਡ ‘ਚ ਅਭਿਆਸ ਦੌਰਾਨ ਖੁਦ ਨੂੰ ਸੱਟ ਲੱਗਣ ਤੋਂ ਬਾਅਦ ਵਾਈਲਡ ਕਾਰਡ ਵਾਪਸ ਕੀਤਾ ਹੈ।