ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ਦਾ ਆਗਾਜ਼ ਹੋ ਗਿਆ। ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿੱਸਾ ਲੈਣ ਵਾਲੀਆਂ ਖਿਡਾਰੀਆਂ ਦੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਲਗਪਗ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਕੁੰਭ ‘ਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਖੇਡਾਂ ਦੇ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮੇਂ ਵਾਲੀਬਾਲ ਵੀ ਖੇਡਿਆ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ ਤੇ ਉਨ੍ਹਾਂ ਦੀ ਸਰਕਾਰ ਜਲਦੀ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ। ਖਿਡਾਰੀਆਂ ਨੂੰ ਅਭਿਆਸ ਵਾਸਤੇ ਕੌਮਾਂਤਰੀ ਪੱਧਰ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ ਤੇ ਭਵਿੱਖ ‘ਚ ਵੀ ਰਹੇਗਾ। ਜਲੰਧਰ ਦੀ ਖੇਡ ਸਨਅਤ ਵੱਲੋਂ ਤਿਆਰ ਸਾਮਾਨ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਬਣੇ ਫੁਟਬਾਲਾਂ ਨਾਲ ਵਿਸ਼ਵ ਕੱਪ ਖੇਡਿਆ ਜਾਂਦਾ ਹੈ ਤੇ ਇਥੋਂ ਦੇ ਬਣੇ ਬੱਲੇ ਚੌਕੇ-ਛੱਕੇ ਲਗਾਉਂਦੇ ਹਨ। ਰਗਬੀ ਇਥੋਂ ਬਣ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਖੇਡਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਬਜਟ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਦੇਖ ਕੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਸੋਚਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਸ਼ਟਰਮੰਡਲ ਖੇਡਾਂ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਭਾਰਤੀ ਦਲ ‘ਚ ਵੱਧ ਤੋਂ ਵੱਧ ਪੰਜਾਬੀ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਪ੍ਰਭਾਵਸ਼ਾਲੀ ਮੁਹਿੰਮ ਚਲਾਉਣ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਇੰਡੀਆ ਲਈ ਓਲੰਪਿਕ ਤਗ਼ਮਾ ਜਿੱਤਣ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੱਜ ਦਾ ਦਿਨ ਖੇਡ ਜਗਤ ‘ਚ ਨਵੀਂ ਸਵੇਰ ਲੈ ਕੇ ਆਇਆ ਹੈ। ਉਨ੍ਹਾਂ ਨੇ ਪੰਜਾਬ ਦੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਪਰਦੁੱਮਣ ਸਿੰਘ, ਓਲੰਪੀਅਨ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ਕੁੱਲ ਆਲਮ ‘ਚ ਰੌਸ਼ਨ ਕੀਤਾ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪੰਜਾਬੀ ਗਾਇਕਾਂ ਨੂਰਾ ਭੈਣਾਂ, ਗਾਇਕ ਅੰਮ੍ਰਿਤ ਮਾਨ ਅਤੇ ਰਣਜੀਤ ਬਾਵਾ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।