ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕਾਮਨਵੈਲਥ ਗੇਮਜ਼ ਦੇ 65 ਕਿਲੋਗ੍ਰਾਮ ਵਰਗ ਦੇ ਮੁਕਾਬਲੇ ’ਚ ਕੈਨੇਡਾ ਦੇ ਲਚਲਾਨ ਮੈਕਨੀਲਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਬਜਰੰਗ ਦਾ ਇਹ ਤੀਜਾ ਤਗ਼ਮਾ ਹੈ। ਉਨ੍ਹਾਂ ਨੇ 2014 ’ਚ ਚਾਂਦੀ ਅਤੇ 2018 ’ਚ ਸੋਨ ਤਗ਼ਮਾ ਜਿੱਤਿਆ। ਹੁਣ ਉਨ੍ਹਾਂ ਨੇ ਮੁਡ਼ ਤਗ਼ਮਾ ਜਿੱਤ ਕੇ ਹੈਟ੍ਰਿਕ ਲਗਾ ਦਿੱਤੀ। ਬਜਰੰਗ ਨੇ ਫਾਈਨਲ ਮੈਚ ’ਚ ਮੈਕਨੀਲਾ ਨੂੰ ਲੀਡ ਲੈਣ ਦਾ ਮੌਕਾ ਨਹੀਂ ਦਿੱਤਾ। ਪਹਿਲੇ ਦੌਰ ’ਚ 4-0 ਨਾਲ ਅੱਗੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ 62 ਕਿਲੋ ਵਰਗ ’ਚ ਕੈਨੇਡੀਅਨ ਐਨਾ ਪੌਲਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ’ਚ ਸਾਕਸ਼ੀ ਦਾ ਇਹ ਤੀਜਾ ਤਗ਼ਮਾ ਹੈ। ਉਹ ਇਸ ਤੋਂ ਪਹਿਲਾਂ 2014 ’ਚ ਚਾਂਦੀ, 2018 ’ਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਫਾਈਨਲ ਮੈਚ ਇੰਨਾ ਆਸਾਨ ਨਹੀਂ ਸੀ। ਕੈਨੇਡੀਅਨ ਪਹਿਲਵਾਨ ਪਹਿਲੇ ਗੇਡ਼ ਤੱਕ 4-0 ਨਾਲ ਅੱਗੇ ਸੀ ਪਰ ਸਾਕਸ਼ੀ ਨੇ ਦੂਜੇ ਦੌਰ ’ਚ ਉਸ ਨੂੰ ਪਛਾਡ਼ ਕੇ ਸੋਨ ਤਗ਼ਮਾ ਜਿੱਤ ਲਿਆ। ਭਾਰਤੀ ਪਹਿਲਵਾਨ ਦਿਵਿਆ ਕਾਕਰਨ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ ਕੁਸ਼ਤੀ 68 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਦਿਵਿਆ ਨੇ ਟੋਂਗਾ ਦੇ ਟਾਈਗਰ ਕਾਕਰ ਖ਼ਿਲਾਫ਼ ਮੈਚ ਜਿੱਤਣ ਲਈ 30 ਸਕਿੰਟ ਦਾ ਸਮਾਂ ਲਿਆ। ਉਹ ਸ਼ੁਰੂ ’ਚ ਹੀ ਕਾਕਰ ਨੂੰ ਮੈਟ ’ਤੇ ਲੈ ਆਏ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਉੱਪਰ ਆ ਗਈ ਅਤੇ ਉਨ੍ਹਾਂ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ। ਰੈਫਰੀ ਨੇ ਤਕਨੀਕੀ ਕਾਰਨਾਂ ਕਰਕੇ ਦਿਵਿਆ ਦੀ ਜਿੱਤ ਦੀ ਸੀਟੀ ਵਜਾ ਦਿੱਤੀ। ਕੁਸ਼ਤੀ ਮੁਕਾਬਲੇ ’ਚ ਇੰਡੀਆ ਲਈ ਇਕ ਹੋਰ ਤਗ਼ਮਾ ਆਇਆ। ਪੁਰਸ਼ਾਂ ਦੇ 125 ਕਿਲੋ ਭਾਰ ਵਰਗ ’ਚ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਜਾਨਸਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।