ਨਾਈਜੀਰੀਆ ਦੇ ਬੋਰਨੋ ਸ਼ਹਿਰ ‘ਚ ਦੋ ਬੱਸਾਂ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਬੋਰਨੋ ਦੇ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੋਰਨੋ ‘ਚ ਫੈਡਰਲ ਰੋਡ ਸੇਫਟੀ ਕੋਰਪਸ ਦੇ ਸੈਕਟਰ ਕਮਾਂਡਰ ਉਟੇਨ ਬੋਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਦੁਗੁਰੀ-ਦਮਾਤੁਰੂ ਰੋਡ ‘ਤੇ ਦੋ ਬੱਸਾਂ ਦੀ ਆਹਮੋ-ਸਾਹਮਣੇ ਦੀ ਟੱਕਰ ਦੇ ਬਾਅਦ ਬੱਸਾਂ ‘ਚ ਅੱਗ ਲੱਗ ਗਈ। ਬੋਈ ਨੇ ਹਾਦਸੇ ਲਈ ਬੱਸਾਂ ਦੀ ਤੇਜ਼ ਰਫ਼ਤਾਰ ਲਈ ਬੱਸ ਡਰਾਈਵਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਦੋਵੇਂ ਬੱਸਾਂ ਉਲਟ ਦਿਸ਼ਾਵਾਂ ‘ਚ ਜਾ ਰਹੀਆਂ ਸਨ ਪਰ ਉਨ੍ਹਾਂ ‘ਚੋਂ ਇਕ ਨੇ ਕੰਟਰੋਲ ਗੁਆ ਦਿੱਤਾ ਜਿਸ ਨਾਲ ਦੋਵਾਂ ਬੱਸਾਂ ਦੀ ਟੱਕਰ ਹੋ ਗਈ। ਅਧਿਕਾਰੀ ਨੇ ਕਿਹਾ ਕਿ ਹਾਦਸੇ ‘ਚ ਮਾਰੇ ਗਏ ਸਾਰੇ ਪੀੜਤਾਂ ਦਾ ਸਮੂਹਿਕ ਸਸਕਾਰ ਕੀਤਾ ਜਾਵੇਗਾ ਕਿਉਂਕਿ ਪੁਲੀਸ ਨੂੰ ਪਹਿਲਾਂ ਹੀ ਇਸ ਸਬੰਧੀ ਅਦਾਲਤੀ ਹੁਕਮ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਾਈਜੀਰੀਆ ‘ਚ ਅਕਸਰ ਇਸ ਤਰ੍ਹਾਂ ਦੇ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਦਾ ਕਾਰਨ ਤੇਜ਼ ਰਫ਼ਤਾਰ, ਓਵਰਲੋਡਿੰਗ, ਖ਼ਰਾਬ ਸੜਕਾਂ ਅਤੇ ਲਾਪਰਵਾਹੀ ਨਾਲ ਵਾਹਨਾਂ ਨੂੰ ਚਲਾਉਣਾ ਮੰਨਿਆ ਜਾ ਰਿਹਾ ਹੈ।