ਜ਼ੀਰਾ ਅਦਾਲਤ ‘ਚ ਪੇਸ਼ੀ ਭੁਗਤ ਚੁੱਕੇ ਅਤੇ ਕੋਟਕਪੂਰਾ ਗੋਲੀ ਕਾਂਡ ‘ਚ ਤਲਬ ਕੀਤੇ ਹੋਏ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ ‘ਚ ਹੁਸ਼ਿਆਰਪੁਰ ਅਦਾਲਤ ‘ਚ ਪੇਸ਼ੀ ਭੁਗਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬਜ਼ੁਰਗ ਆਗੂ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖੇ ਹੋਣ ਨੂੰ ਲੈ ਕੇ ਅਦਾਲਤ ‘ਚ ਕੇਸ ਕੀਤਾ ਹੋਇਆ ਹੈ। ਇਸੇ ਮਾਮਲੇ ‘ਚ ਸੁਖਬੀਰ ਬਾਦਲ ਅੱਜ ਮੁੜ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ ‘ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਾਮਲਾ ਮਾਣਯੋਗ ਅਦਾਲਤ ‘ਚ ਚੱਲ ਰਿਹਾ ਹੈ, ਇਸ ਲਈ ਉਹ ਇਸ ਮਸਲੇ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬੀਤੇ ਦਿਨੀਂ ਤਰਨਤਾਰਨ ਸਥਿਤ ਚਰਚ ‘ਚ ਬੇਅਦਬੀ ਅਤੇ ਭੰਨਤੋੜ ਦੀ ਘਟਨਾ ‘ਤੇ ਦੀ ਨਿੰਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਮਾਮਲੇ ‘ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ‘ਚੋਂ ਪਰਿਵਾਰਵਾਦ ਦਾ ਖ਼ਾਤਮਾ ਕਰਨ ਦੇ ਐਲਾਨ ਨਾਲ ਪਾਰਟੀ ਨੂੰ ਜ਼ਰੂਰ ਫਾਇਦਾ ਹੋਵੇਗਾ ਅਤੇ ਪਾਰਟੀ ਪੰਜਾਬ ‘ਚ ਜ਼ਰੂਰ ਉਭਰੇਗੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ ਅਤੇ ਮਾਣਯੋਗ ਅਦਾਲਤ ਦੋਹਰੇ ਸੰਵਿਧਾਨ ਨੂੰ ਲੈ ਕੇ ਬਾਦਲਾਂ ਵਲੋਂ ਕੀਤੀ ਗਈ ਧੋਖਾਧੜੀ ‘ਤੇ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗੀ। ਇਹ ਸਾਰੇ ਆਗੂ ਲਾਲੂ ਅਤੇ ਚੌਟਾਲਿਆਂ ਵਾਂਗ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਗੇ। ਬਲਵੰਤ ਸਿੰਘ ਖੇੜਾ ਨੇ 2009 ‘ਚ ਹੁਸ਼ਿਆਰਪੁਰ ਅਦਾਲਤ ‘ਚ ਦੋਹਰੇ ਸੰਵਿਧਾਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਕਾਲੀ ਦਲ ਦੇ ਦੋ ਵੱਖ-ਵੱਖ ਪਾਰਟੀ ਸੰਵਿਧਾਨਾਂ ਨਾਲ ਸਬੰਧਤ ਹੈ। 2019 ‘ਚ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਚੀਮਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਇਸ ਮਾਮਲੇ ‘ਚ ਪਹਿਲਾਂ ਹੀ ਜ਼ਮਾਨਤ ‘ਤੇ ਹਨ ਤੇ ਵੱਡੇ ਬਾਦਲ ਨੂੰ ਹਾਈ ਕੋਰਟ ਨੇ ਪੇਸ਼ੀ ਤੋਂ ਛੋਟ ਦਿੱਤੀ ਹੋਈ ਹੈ।