ਦਿਵਿਆ ਟੀ.ਐੱਸ. ਅਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਆਈ.ਐੱਸ.ਐੱਸ.ਐੱਫ. ਨਿਸ਼ਾਨੇਬਾਜ਼ੀ ਵਰਲਡ ਕੱਪ ‘ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਕਾਹਿਰਾ ਅਤੇ ਭੋਪਾਲ ‘ਚ ਲੜੀਵਾਰ ਵਰਲਡ ਕੱਪ ਮੁਕਾਬਲਿਆਂ ‘ਚ ਦੂਜੇ ਸਥਾਨ ‘ਤੇ ਰਹੀ ਭਾਰਤੀ ਜੋੜੀ ਨੇ ਸੋਨ ਤਗ਼ਮੇ ਦੇ ਮੁਕਾਬਲੇ ‘ਚ ਸਰਬੀਆ ਦੇ ਜ਼ੋਰਾਨਾ ਅਰੁਨੋਵਿਚ ਅਤੇ ਦਾਮਿਰ ਮਿਕੇਚ ਦੀ ਜੋੜੀ ਨੂੰ 16-14 ਨਾਲ ਹਰਾਇਆ। ਮੁਕਾਬਲੇ ਦੇ ਦੂਜੇ ਦਿਨ ਭਾਰਤੀ ਜੋੜੀ ਨੇ 55 ਟੀਮਾਂ ਦੇ ਕੁਆਲੀਫਿਕੇਸ਼ਨ ‘ਚ 581 ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਰਹਿੰਦਿਆਂ ਸੋਨ ਤਗ਼ਮੇ ਦੇ ਮੁਕਾਬਲੇ ‘ਚ ਜਗ੍ਹਾ ਬਣਾਈ ਅਤੇ ਤਗ਼ਮਾ ਯਕੀਨੀ ਬਣਾਇਆ। ਕੁਆਲੀਫਿਕੇਸ਼ਨ ‘ਚ ਤਿੰਨ ਜੋੜੀਆਂ ਦਾ ਸਕੋਰ 581 ਸੀ ਪਰ ਦਿਵਿਆ ਅਤੇ ਸਰਬਜੋਤ 10 ਅੰਕ ਦੇ ਅੰਦਰੂਨੀ ਹਿੱਸੇ ‘ਚ 24 ਨਿਸ਼ਾਨੇ ਲਗਾ ਕੇ ਸਿਖਰਲੇ ਸਥਾਨ ‘ਤੇ ਰਹੇ। ਦਾਮਿਰ ਅਤੇ ਜ਼ੋਰਾਨਾ ਦੀ ਜੋੜੀ 10 ਅੰਕ ਦੇ ਅੰਦਰੂਨੀ ਹਿੱਸੇ ‘ਚ 19 ਨਿਸ਼ਾਨੇ ਲਗਾ ਕੇ ਦੂਜੇ ਜਦਕਿ ਤੁਰਕੀ ਦੀ ਜੋੜੀ 16 ਨਿਸ਼ਾਨੇ ਲਗਾ ਕੇ ਤੀਜੇ ਸਥਾਨ ‘ਤੇ ਰਹੀ। ਭਾਰਤੀ ਜੋੜੀ ਨੇ ਫਾਈਨਲ ਦੀ ਪਹਿਲੀ ਸੀਰੀਜ਼ ‘ਚ 10.5 ਅੰਕ ਦੇ ਦੋ ਬਰਾਬਰ ਸਕੋਰਾਂ ਨਾਲ ਸ਼ੁਰੂਆਤ ਕਰਦਿਆਂ 2-0 ਦੀ ਲੀਡ ਲਈ। ਹਾਲਾਂਕਿ 13 ਸੀਰੀਜ਼ ਤੋਂ ਬਾਅਦ ਦੋਵੇਂ ਜੋੜੀਆਂ 14-14 ਨਾਲ ਬਰਾਬਰ ਰਹੀਆਂ। ਪੰਦਰਵੀਂ ਸੀਰੀਜ਼ ਦੇ ਜੇਤੂ ਦੇ ਨਾਂ ਖਿਤਾਬ ਹੋਣਾ ਸੀ। ਸਰਬਜੋਤ ਨੇ 10।6 ਦੇ ਸ਼ਾਨਦਾਰ ਸਕੋਰ ਨਾਲ ਸ਼ੁਰੂਆਤ ਕੀਤੀ ਸੀ ਜਦਕਿ ਦਿਵਿਆ ਨੇ 9.9 ਅੰਕ ਹਾਸਲ ਕੀਤੇ। ਦਾਮਿਰ ਨੇ 10.3 ਅੰਕਾਂ ਨਾਲ ਸਰਬੀਆ ਦੀ ਜੋੜੀ ਦੀ ਉਮੀਦ ਜਗਾਈ ਪਰ ਜ਼ੋਰਾਨਾ 8.6 ਅੰਕ ਹੀ ਹਾਸਲ ਕਰ ਸਕੀ ਜਿਸ ਸਦਕਾ ਸੋਨ ਤਗ਼ਮਾ ਭਾਰਤੀ ਜੋੜੀ ਦੀ ਝੋਲੀ ਪਿਆ। ਸਰਬਜੋਤ ਸਿੰਘ ਨੇ ਲਗਾਤਾਰ ਦੂਜੇ ਵਿਸ਼ਵ ਕੱਪ ‘ਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਉਸ ਨੇ ਭੋਪਾਲ ‘ਚ ਵਿਅਕਤੀਗਤ ਏਅਰ ਪਿਸਟਲ ਦਾ ਸੋਨ ਤਗ਼ਮਾ ਆਪਣੇ ਨਾਂ ਕੀਤਾ ਸੀ। ਦਿਵਿਆ ਦਾ ਇਸ ਪੱਧਰ ‘ਤੇ ਸੀਨੀਅਰ ਵਰਗ ਦਾ ਇਹ ਪਹਿਲਾਂ ਤਗ਼ਮਾ ਹੈ। ਸਿਮਲ ਯਿਲਮਾਜ਼ ਅਤੇ ਇਸਮਾਇਲ ਕੇਲੇਸ ਦੀ ਤੁਰਕੀ ਜੋੜੀ ਨੇ ਇਟਲੀ ਦੀ ਸਾਰਾ ਕੋਸਟੇਨਟਿਨੋ ਅਤੇ ਪਾਓਲੋ ਮੋਨਾ ਦੀ ਜੋੜੀ ਨੂੰ 17-9 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਮੁਕਾਬਲੇ ‘ਚ ਹਿੱਸਾ ਲੈ ਰਹੀ ਇਸ਼ਾ ਸਿੰਘ ਅਤੇ ਵਰੁਣ ਤੋਮਰ ਦੀ ਇਕ ਹੋਰ ਭਾਰਤੀ ਜੋੜੀ ਕੁਆਲੀਫਿਕੇਸ਼ਨ ‘ਚ 578 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੀ ਅਤੇ ਸਿਰਫ਼ ਇਕ ਅੰਕ ਦੀ ਘਾਟ ਕਾਰਨ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਭਾਰਤ ਇਕ ਸੋਨੇ ਅਤੇ ਇਕ ਚਾਂਦੀ ਦੇ ਤਗ਼ਮੇ ਨਾਲ ਤਗ਼ਮਾ ਸੂਚੀ ‘ਚ ਦੂਜੇ ਸਥਾਨ ‘ਤੇ ਹੈ।