ਏਅਰ ਇੰਡੀਆ ਨੇ 31 ਅਗਸਤ ਤੋਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ 10 ਵੱਡੇ ਜਹਾਜ਼ ਅਗਲੇ ਵਰ੍ਹੇ ਦੇ ਸ਼ੁਰੂ ‘ਚ ਮੁੜ ਤੋਂ ਉਡਾਣ ਭਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਜਹਾਜ਼ਾਂ ਦੇ ਈਂਧਣ ਟੈਂਕ ਵੱਡੇ ਹਨ ਜਿਸ ਕਾਰਨ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਦੇ ਲੰਬੇ ਸਫ਼ਰ ਲਈ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਅਰ ਇੰਡੀਆ ਨੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦੇ ਬੇੜੇ ‘ਚ 43 ਵੱਡੇ ਜਹਾਜ਼ ਹਨ ਜਿਨ੍ਹਾਂ ‘ਚੋਂ 33 ਉਡਾਣਾਂ ਭਰ ਰਹੇ ਹਨ। ਮੌਜੂਦਾ ਸਮੇਂ ‘ਚ ਦਿੱਲੀ ਤੋਂ ਵੈਨਕੂਵਰ ਵਿਚਕਾਰ ਹਫ਼ਤੇ ‘ਚ ਸਿਰਫ਼ ਤਿੰਨ ਉਡਾਣਾਂ ਹੀ ਹਨ। ਏਅਰ ਇੰਡੀਆ ਦੇ ਸੀ.ਐੱਮ.ਡੀ. ਕੈਂਪਬੈੱਲ ਵਿਲਸਨ ਨੇ ਬਿਆਨ ‘ਚ ਕਿਹਾ ਕਿ ਦਿੱਲੀ-ਵੈਨਕੂਵਰ ਰੂਟ ‘ਤੇ ਮੁਸਾਫ਼ਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ‘ਤੇ ਏਅਰ ਇੰਡੀਆ ਦੀਆਂ ਉਡਾਣਾਂ ਬਹਾਲ ਕਰਨ ਵੱਲ ਇਹ ਪਹਿਲਾ ਕਦਮ ਹੈ।