ਕੁਝ ਸਮੇਂ ਤੋਂ ਨਵੀਂ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਬਹੁਤ ਭੀੜਭਾੜ ਵਾਲਾ ਬਣ ਗਿਆ ਹੈ। ਇਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ। ਖਾਸਕਰ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ.ਆਰ.ਆਈ. ਪ੍ਰੇਸ਼ਾਨ ਹੁੰਦੇ ਹਨ। ਇਸ ਦੇ ਬਾਵਜੂਦ ਇਸ ਏਅਰਪੋਰਟ ਦੀ ਭੀੜ ਘੱਟ ਕਰਨ ਲਈ ਯਤਨ ਨਹੀਂ ਹੋ ਰਹੇ। ਪੰਜਾਬ ‘ਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤਿਆਰ ਹੋਣ ਦੇ ਬਾਵਜੂਦ ਵੱਖ-ਵੱਖ ਮੁਲਕਾਂ ਨੂੰ ਸਿੱਧੀਆਂ ਫਲਾਈਟਾਂ ਸ਼ੁਰੂ ਨਹੀਂ ਕੀਤੀਆਂ ਜਾ ਰਹੀਆਂ। ਦਿੱਲੀ ਏਅਰਪੋਰਟ ‘ਤੇ ਬੇਤਹਾਸ਼ਾ ਭੀੜ ਦਾ ਸੰਸਦ ਦੀ ਸਥਾਈ ਕਮੇਟੀ ਨੇ ਨੋਟਿਸ ਲਿਆ ਹੈ। ਸੰਸਦ ਦੀ ਸਥਾਈ ਕਮੇਟੀ ਨੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦੇ ਮੁੱਖ ਕਾਰਜਕਾਰੀ ਅਧਿਕਾਰੀ ਕੋਲ ਇਹ ਮਾਮਲਾ ਉਠਾਇਆ ਹੈ। ਟਰਾਂਸਪੋਰਟ, ਸੈਰ-ਸਪਾਟਾ ਤੇ ਸਭਿਆਚਾਰ ਬਾਰੇ ਕਮੇਟੀ ਦੇ ਚੇਅਰਮੈਨ ਵਿਜਯਸਾਈ ਰੈੱਡੀ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਏਅਰਪੋਰਟ ‘ਤੇ ਲੋਕਾਂ ਨੂੰ ਘੰਟਿਆਂਬੱਧੀ ਲੰਮੀਆਂ ਕਤਾਰਾਂ ‘ਿਚ ਉਡੀਕ ਕਰਨੀ ਪੈ ਰਹੀ ਹੈ। ਰੈੱਡੀ ਨੇ ਕਿਹਾ ਕਿ ਭਲਕੇ ਸੀ.ਈ.ਓ. ਵਿਦੇਹ ਕੁਮਾਰ ਜੈਪੁਰੀਆਰ ਨਾਲ ਮੁਲਾਕਾਤ ਕਰ ਕੇ ਇਹ ਮੁੱਦਾ ਚੁੱਕਿਆ ਗਿਆ। ਇਸ ਤੋਂ ਇਲਾਵਾ ਪ੍ਰਾਈਵੇਟ ਏਅਰਪੋਰਟ ਅਪਰੇਟਰ ਐਸੋਸੀਏਸ਼ਨ ਦੇ ਚੇਅਰਮੈਨ ਦੇ ਵੀ ਵਿਚਾਰ ਸੁਣੇ। ਕਮੇਟੀ ਦੇ ਨੋਟਿਸ ‘ਚ ਕਿਹਾ ਗਿਆ ਹੈ ਕਿ ਇਸ ਮੌਕੇ ਗਰੀਨਫੀਲਡ ਤੇ ਬਰਾਊਨਫੀਲਡ ਹਵਾਈ ਅੱਡਿਆਂ ਦੇ ਵਿਕਾਸ ਅਤੇ ਫ਼ੌਜੀ ਹਵਾਈ ਅੱਡਿਆਂ ‘ਤੇ ਸਿਵਲ ਐਨਕਲੇਵ ਬਣਾਉਣ ਦੇ ਮੁੱਦੇ ਵੀ ਵਿਚਾਰੇ ਗਏ। ਪਿਛਲੇ ਕੁਝ ਦਿਨਾਂ ਤੋਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਤੇ ਯਾਤਰੀਆਂ ਨੂੰ ਘੰਟਿਆਂ ਉਡੀਕ ਕਰਨੀ ਪੈ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਵੱਖ-ਵੱਖ ਮੰਚਾਂ ‘ਤੇ ਸ਼ਿਕਾਇਤ ਵੀ ਕਰ ਰਹੇ ਹਨ। ਨਾਗਰਿਕ ਹਵਾਬਾਜ਼ੀ ਬਾਰੇ ਮੰਤਰਾਲਾ ਤੇ ਹੋਰ ਹਿੱਤਧਾਰਕ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਕਦਮ ਚੁੱਕ ਰਹੇ ਹਨ। ਜ਼ਿਕਰਯੋਗ ਹੈ ਕਿ ਏਅਰਪੋਰਟ ਉਤੇ ਤਿੰਨ ਟਰਮੀਨਲ- ਟੀ1, ਟੀ2 ਤੇ ਟੀ3 ਹਨ। ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਦਿੱਲੀ ਏਅਰਪੋਰਟ ‘ਤੇ ਬੇਤਹਾਸ਼ਾ ਭੀਣ ਅਤੇ ਕਤਾਰਾਂ ਦਾ ਜ਼ਿਕਰ ਕੀਤਾ ਹੈ।