ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਕੁਝ ਦਿਨ ਪਹਿਲਾਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਮੁਹਾਲੀ ਸਥਿਤ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ 29 ਨਵੰਬਰ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕੁਲਵਿੰਦਰਜੀਤ ਖਾਨਪੁਰੀਆ ਖ਼ਿਲਾਫ਼ ਆਰਸੀ 14/19 ਸਬੰਧਤ ਕੇਸ ਦੀ ਸੁਣਵਾਈ ਐੱਨ.ਆਈ.ਏ. ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ‘ਚ ਚੱਲ ਰਹੀ ਹੈ। ਖਾਨਪੁਰੀਆ ‘ਤੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਮਾਹੌਲ ਖਰਾਬ ਕਰਨ ਅਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕਰਨ ਦਾ ਦੋਸ਼ ਹੈ। ਐੱਨ.ਆਈ.ਏ. ਦੀ ਜਾਂਚ ਟੀਮ ਵੱਲੋਂ ਖਾਨਪੁਰੀਆ ਤੋਂ ਪੰਜਾਬ ਸਮੇਤ ਹੋਰਾਂ ਸੂਬਿਆਂ ‘ਚ ਉਸ ਦੇ ਕਰੀਬੀ ਸਾਥੀਆਂ ਅਤੇ ਹਮਾਇਤੀਆਂ ਦੇ ਨੈੱਟਵਰਕ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਖਾਨਪੁਰੀਆ ਨੇ ਮੰਨਿਆ ਹੈ ਕਿ ਦੇਸ਼ ਦੇ ਕਈ ਪ੍ਰਮੁੱਖ ਸਥਾਨ ਅਤੇ ਟਿਕਾਣੇ ਉਸ ਦੇ ਰਾਡਾਰ ‘ਤੇ ਸਨ ਅਤੇ ਉਸ ਨਾਲ ਜੁੜੇ ਸੰਗਠਨ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਕੰਮ ਕਰ ਰਹੇ ਹਨ।