ਦੇਸ਼ ਦੀ ਪਹਿਲੀ ਕਬਾਇਲੀ ਤੇ ਦੂਜੀ ਔਰਤ ਰਾਸ਼ਟਰਪਤੀ ਚੁਣੇ ਜਾਣ ਦਾ ਮਾਣ ਉਸ ਸਮੇਂ ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਦੇ ਹਿੱਸੇ ਆਇਆ ਜਦੋਂ ਉਹ ਚੋਣ ਜਿੱਤ ਗਏ। ਉਨ੍ਹਾਂ ਵਿਰੋਧ ’ਚ ਖਡ਼੍ਹੇ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਹ ਚੋਣ ਜਿੱਤੀ ਅਤੇ ਹੁਣ 25 ਜੁਲਾਈ ਨੂੰ ਹਲਫ਼ ਲੈਣਗੇ। ਮੁਰਮੂ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ। ਰਿਟਰਨਿੰਗ ਅਫ਼ਸਰ ਪੀ.ਸੀ. ਮੋਦੀ ਨੇ ਐਲਾਨ ਕੀਤਾ ਕਿ ਮੁਰਮੂ ਨੂੰ ਕੁੱਲ 4701 ਸੰਸਦ ਮੈਂਬਰਾਂ ਅਤੇ ਵਿਧਾਇਕਾਂ ’ਚੋਂ 2824 ਦੇ ਵੋਟ ਮਿਲੇ ਜਦਕਿ ਸਿਨਹਾ ਨੂੰ 1877 ਨੇ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਮੁਰਮੂ ਨੂੰ 540 ਸੰਸਦ ਮੈਂਬਰਾਂ ਦੇ ਵੋਟ ਮਿਲੇ ਜਿਨ੍ਹਾਂ ਦੀ ਕੀਮਤ 523600 ਵੋਟਾਂ ਬਣਦੀ ਹੈ। ਇਸੇ ਤਰ੍ਹਾਂ ਯਸ਼ਵੰਤ ਸਿਨਹਾ ਨੂੰ 208 ਸੰਸਦ ਮੈਂਬਰਾਂ ਦੇ 1,45,600 ਵੋਟ ਹੀ ਮਿਲੇ। ਮੁਰਮੂ ਨੂੰ 6,76,803 ਵੋਟਾਂ (64 ਫੀਸਦੀ) ਮਿਲੀਆਂ ਜਦਕਿ ਸਿਨਹਾ ਨੂੰ 3,80,177 ਵੋਟਾਂ ਪਈਆਂ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਨੇ ਮੁਰਮੂ ਦੇ ਹੱਕ ’ਚ ਵੋਟ ਭੁਗਤਾਈ। ਆਂਧਰਾ ਪ੍ਰਦੇਸ਼ ਦੇ ਸਾਰੇ ਵਿਧਾਇਕਾਂ ਨੇ ਮੁਰਮੂ ਦੇ ਹੱਕ ’ਚ ਵੋਟ ਪਾਏ ਜਦਕਿ ਅਰੁਣਾਚਲ ਪ੍ਰਦੇਸ਼ ’ਚ ਚਾਰ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੇ। ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਹਾਰ ਸਵੀਕਾਰ ਕਰਦਿਆਂ ਮੁਰਮੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਨੂੰ ਆਸ ਹੈ ਕਿ 15ਵੀਂ ਰਾਸ਼ਟਰਪਤੀ ਬਿਨਾਂ ਕਿਸੇ ਡਰ ਜਾਂ ਲਿਹਾਜ਼ ਤੋਂ ‘ਸੰਵਿਧਾਨ ਦੇ ਰਾਖੇ’ ਵਜੋਂ ਕੰਮ ਕਰੇਗੀ। ਆਪਣੇ ਬਿਆਨ ’ਚ ਸਿਨਹਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ,‘ਮੈਂ ਉਨ੍ਹਾਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਵੋਟ ਪਾਈ। ਮੈਂ ਭਗਵਾਨ ਕ੍ਰਿਸ਼ਨ ਵੱਲੋਂ ਭਗਵਦ ਗੀਤਾ ’ਚ ਦਿਖਾਏ ਮਾਰਗ ‘ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ’ ਦੇ ਫਲਸਫੇ ’ਤੇ ਚੱਲਦੇ ਹੋਏ ਵਿਰੋਧੀ ਧਿਰ ਦੀ ਪੇਸ਼ਕਸ਼ ਨੂੰ ਸਵੀਕਾਰਿਆ ਸੀ।’ ਨਵੇਂ ਚੁਣੇ ਗਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਵਧਾਈ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਤੇ ਹੋਰ ਭਾਜਪਾ ਆਗੂ ਪਹੁੰਚੇ।