ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਸਣੇ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਨੂੰ 7 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਤਿੰਨਾਂ ਮੁਲਜ਼ਮਾਂ ਨੂੰ ਪੁਲੀਸ ਵਲੋਂ ਖਰੜ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਦਾ ਸਰਕਾਰੀ ਹਸਪਤਾਲ ‘ਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ‘ਤੇ ਗ੍ਰਿਫ਼ਤਾਰ ਕਰਨ ਮਗਰੋਂ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਮੁਹਾਲੀ ਏਅਰਪੋਰਟ ‘ਤੇ ਲੈ ਕੇ ਪਹੁੰਚੀ। ਉਸ ਦੇ ਦੋ ਸਾਥੀਆਂ ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਇਹ ਤਿੰਨੋਂ ਜਾਅਲੀ ਪਾਸਪੋਰਟ ਰਾਹੀਂ ਨੇਪਾਲ ਦੇ ਰਸਤੇ ਵਿਦੇਸ਼ ਭੱਜਣ ਦੀ ਤਾਕ ‘ਚ ਸਨ। ਜਾਣਕਾਰੀ ਅਨੁਸਾਰ ਤਿੰਨੋਂ ਮੁਲਜ਼ਮਾਂ ਨੂੰ ਹੁਣ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲੀਸ ਪਾਰਟੀ ਰਾਤ ਕਰੀਬ 11 ਵਜੇ ਲੈ ਕੇ ਰਵਾਨਾ ਹੋਈ। ਤਿੰਨਾਂ ਮੁਲਜ਼ਮਾਂ ਨੂੰ ਵੱਖੋ-ਵੱਖ ਵਾਹਨਾਂ ‘ਚ ਲਿਜਾਇਆ ਗਿਆ ਹੈ। ਉਧਰ ਗੋਲਡੀ ਬਰਾੜ ਨੇ ਆਪਣੇ ਪੇਜ ‘ਤੇ ਇਹ ਪੋਸਟ ਪਾ ਕੇ ਸਪੱਸ਼ਟ ਕੀਤਾ ਹੈ ਕਿ ਮੂਸੇਵਾਲਾ ਕਤਲ ਮਾਮਲੇ ‘ਚ ਫੜੇ ਗਏ ਬੰਦਿਆਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਪੋਸਟ ‘ਚ ਤਿੰਨਾਂ ਨੂੰ ਝੂਠੇ ਪੁਲੀਸ ਮੁਕਾਬਲੇ ‘ਚ ਮਾਰ ਮੁਕਾਉਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਸੀ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ, ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਅਪਰੇਸ਼ਨ ‘ਚ ਮੁੰਡੀ ਹੱਥੇ ਚੜ੍ਹਿਆ ਹੈ। ਮੂਸੇਵਾਲਾ ਦੀ ਹੱਤਿਆ ਦੇ 100 ਦਿਨਾਂ ਬਾਅਦ ਮੁੰਡੀ ਕਾਬੂ ਕੀਤਾ ਗਿਆ ਹੈ। ਮੁੰਡੀ ਨਾਲ ਫੜੇ ਗਏ ਦੋ ਸਾਥੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਸ਼ੂਟਰਾਂ ਨੂੰ ਪਨਾਹ ਦੇਣ ਤੋਂ ਇਲਾਵਾ ਹਥਿਆਰ ਮੁਹੱਈਆ ਕਰਵਾਏ ਸਨ। ਓਧਰ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਸਰਗਰਮ ਮੈਂਬਰ ਮਨਪ੍ਰੀਤ ਸਿੰਘ ਉਰਫ਼ ਭੀਮਾ ਵਾਸੀ ਵਿਸ਼ਵਕਰਮਾ ਰੋਡ ਦੋਰਾਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਨਪ੍ਰੀਤ ਭੀਮਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਨੂੰ ਵਾਰਦਾਤ ਤੋਂ ਪਹਿਲਾਂ ਆਪਣੇ ਖਰੜ ਵਾਲੇ ਘਰ ‘ਚ ਪਨਾਹ ਦਿੱਤੀ ਸੀ। ਦੋਵੇਂ ਸ਼ੂਟਰ 20 ਜੁਲਾਈ ਨੂੰ ਅੰਮ੍ਰਿਤਸਰ ‘ਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਪੁਲੀਸ ਨੇ ਭੀਮਾ ਕੋਲੋਂ 11 ਪਿਸਤੌਲ, ਤਿੰਨ ਕਾਰਤੂਸ ਅਤੇ ਇਕ ਬੀ.ਐੱਮ.ਡਬਲਿਊ. ਕਾਰ ਬਰਾਮਦ ਕੀਤੀ ਹੈ। ਇਸੇ ਦੌਰਾਨ ਐਤਵਾਰ ਨੂੰ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਛੇਵਾਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਫਰਜ਼ੀ ਦਸਤਾਵੇਜ਼ਾਂ ਨਾਲ ਡੁਬਈ ਭੱਜਣ ਦੀ ਕੋਸ਼ਿਸ਼ ‘ਚ ਸਨ। ਤਿੰਨਾਂ ਮੁਲਜ਼ਮਾਂ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ ‘ਤੇ ਭੱਜਣ ਦੀ ਸਾਜ਼ਿਸ ਰਚੀ ਸੀ। ਬਰਾੜ ਨੇ ਕਪਿਲ ਅਤੇ ਜੋਕਰ ਨੂੰ ਮੁੰਡੀ ਨੂੰ ਭੱਜਣ ‘ਚ ਮਦਦ ਕਰਨ ਦਾ ਕੰਮ ਸੌਂਪਿਆ ਸੀ। ਉਹ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ‘ਚ ਛੁਪਣਗਾਹਾਂ ‘ਤੇ ਰਹੇ। ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ‘ਚ ਡੀ.ਜੀ.ਪੀ. ਨੇ ਕਿਹਾ ਕਿ ਕਪਿਲ ਨੇ ਇਸ ਤੋਂ ਪਹਿਲਾਂ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ‘ਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਅਤੇ ਉਸ ਦੀਆਂ ਸਰਗਰਮੀਆਂ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਪੁਲੀਸ ਨੇ ਇਸ ਤੋਂ ਪਹਿਲਾਂ ਗੈਂਗਸਟਰ ਨਹਿਰਾ ਨੂੰ ਸਲਮਾਨ ਖਾਨ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਗੌਰਵ ਯਾਦਵ ਨੇ ਕਿਹਾ ਕਿ ਕਪਿਲ ਨੇ ਪੁੱਛ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਸ ਨੇ ਸਲਮਾਨ ਖਾਨ ਦੀ ਰੇਕੀ ਕੀਤੀ ਸੀ।