ਵਰਲਡ ਦੀ ਸਾਬਕਾ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਗੇਮਜ਼, ਵਰਲਡ ਕੱਪ ਅਤੇ ਵਰਲਡ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਜਗ੍ਹਾ ਪੱਕੀ ਕਰਨ ਤੋਂ ਖੁੰਝ ਗਈ ਹੈ। ਵਰਲਡ ਕੱਪ ‘ਚ ਕਈ ਸੋਨ ਤਗ਼ਮੇ ਜਿੱਤਣ ਵਾਲੀ ਦੀਪਿਕਾ ਸਪੋਰਟਸ ਅਥਾਰਿਟੀ ਆਫ ਇੰਡੀਆ ਕੇਂਦਰ ‘ਚ ਕਰਵਾਏ ਗਏ ਰੀਕਰਵ ਵਰਗ ਦੀ ਤੀਰਅੰਦਾਜ਼ੀ ਲਈ ਤਿੰਨ ਦਿਨਾਂ ਦੇ ਟਰਾਇਲਜ਼ ਦੌਰਾਨ ਸਿਖਰਲੇ ਅੱਠ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਉਹ ਪਿਛਲੇ ਮਹੀਨੇ ਕੋਲਕਾਤਾ ‘ਚ ਹੋਏ ਟਰਾਇਲ ‘ਚ ਸੱਤਵੇਂ ਸਥਾਨ ‘ਤੇ ਰਹੀ ਸੀ। ਭਜਨ ਕੌਰ, ਅਦਿਤੀ ਜੈਸਵਾਲ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਨੇ ਸਿਖਰਲੇ ਚਾਰ ਤੀਰਅੰਦਾਜ਼ਾਂ ‘ਚ ਜਗ੍ਹਾ ਪੱਕੀ ਕੀਤੀ ਜੋ ਇਸ ਸਾਲ ਸਾਰੇ ਛੇ ਪ੍ਰਮੁੱਖ ਟੂਰਨਾਮੈਂਟਾਂ ‘ਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਪੁਰਸ਼ ਵਰਗ ‘ਚ ਦੀਪਿਕਾ ਦੇ ਪਤੀ ਅਤਨੂ ਦਾਸ ਦੀ ਇਕ ਸਾਲ ਮਗਰੋਂ ਨੈਸ਼ਨਲ ਟੀਮ ‘ਚ ਵਾਪਸੀ ਹੋਈ ਹੈ। ਅਤਨੂ ਪਿਛਲੇ ਸਾਲ ਟਰਾਇਲ ਦੌਰਾਨ ਪੱਛੜ ਗਏ ਸਨ। ਉਨ੍ਹਾਂ ਆਖਰੀ ਵਾਰ ਟੋਕੀਓ ਓਲੰਪਿਕ ‘ਚ ਦੇਸ਼ ਦੀ ਅਗਵਾਈ ਕੀਤੀ ਸੀ। ਦੋ ਵਾਰ ਓਲੰਪਿਕ ਖੇਡਾਂ ‘ਚ ਦੇਸ਼ ਦੀ ਅਗਵਾਈ ਕਰਨ ਵਾਲਾ ਇਹ ਤੀਰਅੰਦਾਜ਼ ਸੈਨਾ ਦੇ ਧੀਰਜ ਬੀ ਮਗਰੋਂ ਦੂਜੇ ਸਥਾਨ ‘ਤੇ ਰਿਹਾ। ਤਜਰਬੇਕਾਰ ਤਰੁਣਦੀਪ ਰਾਏ ਅਤੇ ਨੀਰਜ ਚੌਹਾਨ ਨੇ ਸਿਖਰਲੇ ਚਾਰ ‘ਚ ਜਗ੍ਹਾ ਬਣਾਈ।