ਰਾਜਪਕਸੇ ਪਰਿਵਾਰ ਨੇਡ਼ਲੇ ਮੰਨੇ ਜਾਂਦੇ ਉੱਘੇ ਸਿਆਸਤਦਾਨ ਦਿਨੇਸ਼ ਗੁਨਾਵਰਧਨੇ ਨੂੰ ਸ੍ਰੀਲੰਕਾ ਦਾ ਨਵਾਂ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅਹੁਦਾ ਸੰਭਾਲਣ ਤੋਂ ਇਕ ਦਿਨ ਬਾਅਦ 18 ਮੈਂਬਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਕੈਬਨਿਟ ’ਚ ਪ੍ਰਧਾਨ ਮੰਤਰੀ ਤੋਂ ਇਲਾਵਾ 17 ਹੋਰ ਮੰਤਰੀ ਹਨ। ਪਹਿਲਾਂ ਵਿੱਤ ਮੰਤਰੀ ਦੇ ਅਹੁਦੇ ’ਤੇ ਰਹੇ ਅਲੀ ਸਾਬਰੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਗੁਨਾਵਰਧਨੇ ਨੂੰ ਲੋਕ ਪ੍ਰਸ਼ਾਸਨ, ਸੂਬਾਈ ਕੌਂਸਲਾਂ ਅਤੇ ਸਥਾਨਕ ਸਰਕਾਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ। ਬਾਕੀ ਮੰਤਰੀਆਂ ਨੂੰ ਪੁਰਾਣੇ ਮੰਤਰਾਲੇ ਹੀ ਮਿਲੇ ਹਨ ਜਦਕਿ ਰਾਸ਼ਟਰਪਤੀ ਵਿਕਰਮਸਿੰਘੇ ਕੋਲ ਵਿੱਤ ਮੰਤਰਾਲਾ ਰਹੇਗਾ। ਵਿਕਰਮਸਿੰਘੇ ਨੇ ਕਿਹਾ ਕਿ ਉਹ ਦੇਸ਼ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਸਰਬ ਪਾਰਟੀ ਸਰਕਾਰ ਬਣਾਉਣ ਲਈ ਕਦਮ ਉਠਾ ਰਹੇ ਹਨ। ਸ੍ਰੀਲੰਕਾ ਸਿਆਸਤ ਦੇ ਵੱਡੇ ਥੰਮ੍ਹਾਂ ’ਚੋਂ ਇਕ ਮੰਨੇ ਜਾਂਦੇ ਗੁਨਾਵਰਧਨੇ (73) ਪਹਿਲਾਂ ਵਿਦੇਸ਼ ਅਤੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅਪਰੈਲ ’ਚ ਗ੍ਰਹਿ ਮੰਤਰੀ ਬਣਾਇਆ ਸੀ। ਵਿਕਰਮਸਿੰਘੇ ਦੇ ਸਹਿਪਾਠੀ ਰਹੇ ਗੁਨਾਵਰਧਨੇ ਪਹਿਲਾਂ ਵੱਖ ਵੱਖ ਕੈਬਨਿਟ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਵਿਕਰਮਸਿੰਘੇ ਦੇ ਰਾਸ਼ਟਰਪਤੀ ਬਣਨ ਮਗਰੋਂ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਹੋਇਆ ਸੀ। ਸਾਲ 1949 ’ਚ ਜਨਮੇ ਗੁਨਾਵਰਧਨੇ ਮਹਾਜਨਾ ਏਕਸਾਥ ਪੇਰਾਮੁਨਾ ਦੇ ਮੁਖੀ ਹਨ ਜਿਸ ਦਾ ਹੁਕਮਰਾਨ ਸ੍ਰੀਲੰਕਾ ਪੋਦੁਜਨਾ ਪੇਰਾਮੁਨਾ ਪਾਰਟੀ ਨਾਲ ਗੱਠਜੋਡ਼ ਹੈ। ਉਹ ਪਹਿਲੀ ਵਾਰ 1983 ’ਚ ਚੋਣ ਜਿੱਤ ਕੇ ਸੰਸਦ ਪੁੱਜੇ ਸਨ ਤੇ 1994 ਤੱਕ ਵਿਰੋਧੀ ਧਿਰ ਦੇ ਆਗੂ ਬਣੇ ਰਹੇ। ਉਹ 2000 ’ਚ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਦਾ ਇਕ ਪੁੱਤਰ ਹੈ ਅਤੇ ਉਹ ਵੀ ਸੰਸਦ ਮੈਂਬਰ ਹੈ।