ਦੁਨੀਆਂ ਦੇ ਮਹਾਨ ਫੁਟਬਾਲਰ ਅਤੇ ਬ੍ਰਾਜ਼ੀਲ ਨਾਲ ਸਬੰਧਤ ਪੇਲੇ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਪੇਲੇ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਹ 29 ਨਵੰਬਰ ਤੋਂ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਇਜ਼ਰਾਈਲੀ ਹਸਪਤਾਲ ‘ਚ ਦਾਖਲ ਸਨ। ਮਹਾਨ ਫੁਟਬਾਲਰ ਕਿਡਨੀ ਅਤੇ ਦਿਲ ਦੇ ਰੋਗ ਨਾਲ ਜੂਝ ਰਹੇ ਸਨ। ਤਿੰਨ ਵਾਰ ਦੇ ਵਰਲਡ ਕੱਪ ਜੇਤੂ ਪੇਲੇ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਪੇਲੇ ਨੇ 1958, 1962 ਅਤੇ 1970 ਵਰਲਡ ਕੱਪ ‘ਚ ਬ੍ਰਾਜ਼ੀਲ ਨੂੰ ਜਿੱਤ ਦਿਵਾਈ ਸੀ। ਉਹ 77 ਗੋਲਾਂ ਦੇ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ‘ਚੋਂ ਇਕ ਸਨ। ਹਾਲ ਹੀ ‘ਚ ਖਤਮ ਹੋਏ ਫੀਫਾ ਵਰਲਡ ਕੱਪ ‘ਚ ਨੇਮਾਰ ਨੇ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ। ਪੇਲੇ ਦੇ ਨਾਂ ਨਾਲ ਮਸ਼ਹੂਰ ਐਡਸਨ ਅਰਾਂਤੇਸ ਡੋ ਨੇਸਿਮੈਂਟੋ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਸਤੰਬਰ 2021 ‘ਚ ਉਨ੍ਹਾਂ ਦੀਆਂ ਅੰਤੜੀਆਂ ਦੇ ਟਿਊਮਰ ਨੂੰ ਹਟਾਉਣ ਲਈ ਆਪ੍ਰੇਸ਼ਨ ਹੋਇਆ ਸੀ। ਨਾ ਤਾਂ ਹਸਪਤਾਲ ਤੇ ਨਾ ਹੀ ਉਸ ਦੇ ਪਰਿਵਾਰ ਨੇ ਕੋਈ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਹੋਰ ਅੰਗ ਪ੍ਰਭਾਵਿਤ ਹੋਏ ਹਨ ਜਾਂ ਨਹੀਂ। ਪੇਲੇ ਦੀ ਧੀ ਕੈਲੀ ਨੇਸੀਮੇਂਟੋ ਨੇ ਕਿਹਾ ਸੀ ਕਿ ਮਹਾਨ ਫੁਟਬਾਲਰ ਕ੍ਰਿਸਮਸ ਦੌਰਾਨ ਹਸਪਤਾਲ ‘ਚ ਹੀ ਰਹਿਣਗੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਅਸੀਂ ਡਾਕਟਰਾਂ ਨਾਲ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਰੱਖਣਾ ਸਹੀ ਹੋਵੇਗਾ।’ ਪੇਲੇ ਦਾ ਜਨਮ 1940 ‘ਚ ਹੋਇਆ ਸੀ। ਉਹ ਫੁਟਬਾਲ ਦੀ ਲੋਕਪ੍ਰਿਯਤਾ ਨੂੰ ਸਿਖਰ ‘ਤੇ ਲਿਜਾਣ ਅਤੇ ਇਸ ਦੇ ਲਈ ਇਕ ਵਿਸ਼ਾਲ ਬਾਜ਼ਾਰ ਤਿਆਰ ਕਰਨ ਵਾਲਿਆਂ ‘ਚੋਂ ਇਕ ਰਹੇ। ਭ੍ਰਿਸ਼ਟਾਚਾਰ, ਫੌਜੀ ਤਖਤਾਪਲਟ, ਸੈਂਸਰਸ਼ਿਪ ਅਤੇ ਦਮਨਕਾਰੀ ਸਰਕਾਰਾਂ ਨਾਲ ਘਿਰੇ ਦੇਸ਼ ‘ਚ ਉਹ ਪੈਦਾ ਹੋਏ ਸਨ। ਹਾਲਾਂਕਿ 17 ਸਾਲ ਦੀ ਉਮਰ ‘ਚ ਪੇਲੇ ਨੇ 1958 ‘ਚ ਆਪਣੇ ਪਹਿਲੇ ਵਰਲਡ ਕੱਪ ‘ਚ ਬ੍ਰਾਜ਼ੀਲ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ।