ਰਾਂਚੀ ਦੇ ਜੀ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਦੂਜੇ ਵਨ ਡੇ ਮੈਚ ‘ਚ ਇੰਡੀਆ ਦੀ ਟੀਮ ਜੇਤੂ ਰਹੀ। ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਦਰਜ ਕੀਤੀ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 278 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਇੰਡੀਆ ਨੂੰ ਜਿੱਤ ਲਈ 279 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ ਸ਼੍ਰੇਅਸ ਅਈਅਰ ਦੇ ਸੈਂਕੜੇ ਤੇ ਈਸ਼ਾਨ ਕਿਸ਼ਨ ਦੇ ਅਰਧਸੈਂ ਕੜੇ ਨਾਲ 45.5 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 282 ਦੌੜਾਂ ਬਣਾਈਆਂ ਤੇ ਮੈਚ ਨੂੰ 7 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਸ਼ਿਖਰ ਧਵਨ ਸਿਰਫ਼ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਪਾਰਨੇਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 28 ਦੌੜਾਂ ਦੇ ਨਿੱਜੀ ਸਕੋਰ ”ਤੇ ਰਬਾਡਾ ਵਲੋਂ ਆਊਟ ਹੋ ਗਿਆ ਈਸ਼ਾਨ ਕਿਸ਼ਨ ਨੇ ਸ਼ਾਨਦਾਰ 93 ਦੌੜਾਂ ਦੀ ਪਾਰੀ ਖੇਡੀ ਹਾਲਾਂਕਿ ਉਹ ਆਪਣਾ ਸੈਂਕੜਾ ਜੜਨ ਤੋਂ ਖੁੰਝ ਗਏ ਤੇ ਫਾਰਚੁਇਨ ਵਲੋਂ ਆਊਟ ਹੋ ਗਏ ਪਰ ਉਨ੍ਹਾਂ ਨੇ ਆਪਣੀ 93 ਦੌੜਾਂ ਦੀ ਪਾਰੀ ਦੇ ਦੌਰਾਨ 4 ਚੌਕੇ ਤੇ 7 ਛੱਕੇ ਲਗਾਏ। ਸ਼੍ਰੇਅਸ ਅਈਅਰ ਨੇ ਅਜੇਤੂ ਰਹਿੰਦੇ ਹੋਏ 15 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 113 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਵੀ ਅਜੇਤੂ ਰਹਿੰਦੇ ਹੋਏ 30 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵਲੋਂ ਫਾਰਟਿਊਨ ਨੇ 1, ਪਾਰਨੇਲ ਨੇ 1 ਤੇ ਰਬਾਡਾ ਨੇ 1 ਵਿਕਟ ਲਈਆਂ। ਦੱਖਣੀ ਅਫਰੀਕਾ ਵਲੋਂ ਏਡਨ ਮਾਰਕਰਮ ਨੇ 79 ਤੇ ਰੀਜ਼ਾ ਹੈਂਡਰਿਕਸ ਨੇ 74 ਦੌੜਾਂ ਦੀ ਪਾਰੀ ਖੇਡੀ। ਕਪਤਾਨ ਕੇਸ਼ਵ ਮਹਾਰਾਜ ਸਿਰਫ 5 ਦੌੜਾਂ ਹੀ ਬਣਾ ਸਕੇ। ਇੰਡੀਆ ਵਲੋਂ ਮੁਹੰਮਦ ਸਿਰਾਜ ਨੇ 3, ਵਾਸ਼ਿੰਗਟਨ ਸੁੰਦਰ ਨੇ 1, ਸ਼ਹਿਬਾਜ਼ ਅਹਿਮਦ ਨੇ 1 ਤੇ ਕੁਲਦੀਪ ਯਾਦਵ ਨੇ 1 ਤੇ ਸ਼ਾਰਦੁਲ ਠਾਕੁਰ ਨੇ 1 ਵਿਕਟ ਲਈਆਂ।