ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਆਏ ਹਾਲੇ ਛੇ ਮਹੀਨੇ ਪੂਰੇ ਨਹੀਂ ਹੋਏ ਪਰ ਇਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਆਏ ਦਿਨ ਕਿਸੇ ਨਾ ਕਿਸੇ ਵਿਵਾਦ ‘ਚ ਘਿਰਦੇ ਰਹਿੰਦੇ ਹਨ। ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਕਰਕੇ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਤੋਂ ਇਲਾਵਾ ਹੋਰ ਕਈ ਵਿਧਾਇਕ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ ‘ਚ ਰਹੇ। ਤਾਜ਼ਾ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਹੈ। ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਉਣ ਵਾਲੇ ਇਸ ਵਿਧਾਇਕ ਦੀ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਨੇ ਸਿਆਸੀ ਸਫ਼ਾਂ ਦੇ ਨਾਲ ਨਾਲ ਆਮ ਲੋਕਾਂ ‘ਚ ਵੀ ਚਰਚਾ ਛੇੜ ਦਿੱਤੀ ਹੈ। ਵਿਧਾਇਕ ਤੋਂ ਇਲਾਵਾ ‘ਆਪ’ ਪਾਰਟੀ ਤੇ ਸਰਕਾਰ ਲਈ ਵੀ ਇਹ ਔਖੀ ਘੜੀ ਹੈ। ਵਿਧਾਇਕ ਦਾ ਕਹਿਣਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਵਲੋਂ ਹੀ ਇਹ ਵਾਇਰਲ ਕੀਤੀ ਗਈ ਹੈ। ਵਿਧਾਇਕ ਪਠਾਣਮਾਜਰਾ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਉਨ੍ਹਾਂ ਦਾ ਦੂਜਾ ਵਿਆਹ ਹੋਇਆ ਸੀ ਅਤੇ ਮੈਨੂੰ ਮਰਦ ਹੋਣ ਦੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਰਿਸ਼ਤਾ ਨਿਭਾਇਆ ਸੀ ਪਰ ਮੈਨੂੰ ਸਜ਼ਾ ਦਿੱਤੀ ਗਈ। ਪਠਾਣਮਾਜਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ‘ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ। ਜਿਸ ਤੋਂ ਇਨਕਾਰ ਕਰਨ ‘ਤੇ ਇਹ ਵੀਡੀਓ ਵਾਇਰਲ ਕੀਤੀ ਗਈ ਹੈ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਮੇਰੀ ਦੂਜੀ ਪਤਨੀ ਗੁਰਪ੍ਰੀਤ ਕੌਰ ਸਿਆਸੀ ਵਿਰੋਧੀਆਂ ਦੇ ਸੰਪਰਕ ‘ਚ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਲ ਪਿਛਲੇ 6-7 ਸਾਲਾਂ ਤੋਂ ਸਬੰਧ ਸਨ ਅਤੇ ਉਸ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਵਾਇਆ। ਪਠਾਣਮਾਜਰਾ ਨੇ ਕਿਹਾ ਕਿ ਦੂਜੀ ਪਤਨੀ ਉਨ੍ਹਾਂ ਖ਼ਿਲਾਫ਼ ਅਤੇ ਪਾਰਟੀ ਖ਼ਿਲਾਫ਼ ਵੀ ਪੋਸਟਾਂ ਪਾਉਂਦੀ ਰਹੀ ਹੈ। ਉਨ੍ਹਾਂ ਨੇ ਦੂਜੀ ਪਤਨੀ ਗੁਰਪ੍ਰੀਤ ਕੌਰ ਨੂੰ ਜ਼ੀਰਕਪੁਰ ‘ਚ ਇਕ ਘਰ ਵੀ ਲੈ ਕੇ ਦਿੱਤਾ ਹੈ। ਪਹਿਲੀ ਪਤਨੀ ਵੀ ਵਿਧਾਇਕ ਨਾਲ ਰਹਿ ਰਹੀ ਹੈ ਅਤੇ ਪਹਿਲੀ ਪਤਨੀ ਦੀ ਸਹਿਮਤੀ ਨਾਲ ਹੀ ਦੂਜਾ ਵਿਆਹ ਕਰਵਾਇਆ ਸੀ। ਉਧਰ ਆਪਣੇ ਆਪ ਨੂੰ ਵਿਧਾਇਕ ਪਠਾਣਮਾਜਰਾ ਦੀ ਪਤਨੀ ਦੱਸਣ ਵਾਲੀ ਔਰਤ ਨੇ ਜ਼ੀਰਕਪੁਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਮਹਿਲਾ ਨੇ ਸ਼ਿਕਾਇਤ ‘ਚ ਕਿਹਾ ਕਿ ਹਰਮੀਤ ਸਿੰਘ ਪਠਾਣਮਾਜਰਾ ਨੇ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਇਆ ਅਤੇ ਬਾਅਦ ‘ਚ ਉਸ ਨਾਲ ਕੁੱਟਮਾਰ ਕੀਤੀ ਜਾਣ ਲੱਗੀ। ਉਕਤ ਔਰਤ ਨੇ ਵਿਧਾਇਕ ਪਠਾਣਮਾਜਰਾ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਹਨ।