ਇੰਡੀਆ ਦੀਆਂ ਨਜ਼ਰਾਂ ਆਸਟਰੇਲੀਆ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ‘ਚ ਹਰਾ ਕੇ ਹੁਣ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ‘ਤੇ ਹਨ। ਭਾਰਤੀ ਟੀਮ ਨੇ 28 ਸਤੰਬਰ ਨੂੰ ਪਹਿਲਾ ਟੀ-20 ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ ਹਾਰਦਿਕ ਪਾਂਡਿਆ ਦੀ ਥਾਂ ਬੰਗਾਲ ਦੇ ਆਲਰਾਊਂਡਰ ਸ਼ਾਹਬਾਜ਼ ਅਹਿਮਦ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਹੈ। ਪਾਂਡਿਆ ਨੂੰ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ-19 ਤੋਂ ਉੱਭਰਨ ‘ਚ ਨਾਕਾਮ ਰਹੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਵੀ ਇਸ ਸੀਰੀਜ਼ ਲਈ ਨਹੀਂ ਚੁਣਿਆ ਗਿਆ। ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਸੀਰੀਜ਼ 28 ਸਤੰਬਰ ਤੋਂ ਤਿਰੂਅਨੰਤਪੁਰਮ ‘ਚ ਸ਼ੁਰੂ ਹੋ ਰਹੀ ਹੈ। ਆਲਰਾਊਂਡਰ ਦੀਪਕ ਹੁੱਡਾ ਵੀ ਪਿੱਠ ‘ਚ ਖਿਚਾਅ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਰਾਸ਼ਟਰੀ ਚੋਣ ਕਮੇਟੀ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਲਈ ਟੀਮ ‘ਚ ਸ਼ਾਮਲ ਕਰਨ ਲਈ ਤਿਆਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਸੀਨੀਅਰ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ- ਸ਼ੰਮੀ ਕੋਵਿਡ-19 ਤੋਂ ਠੀਕ ਨਹੀਂ ਹੋ ਸਕੇ ਹਨ। ਉਨ੍ਹਾਂ ਨੂੰ ਹੋਰ ਸਮਾਂ ਚਾਹੀਦਾ ਹੈ ਅਤੇ ਇਸ ਲਈ ਉਹ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਹਰ ਹੋ ਜਾਣਗੇ। ਉਮੇਸ਼ ਯਾਦਵ ਦੱਖਣੀ ਅਫਰੀਕਾ ਸੀਰੀਜ਼ ਲਈ ਸ਼ੰਮੀ ਦੇ ਬਦਲ ਵਜੋਂ ਟੀਮ ‘ਚ ਬਣੇ ਰਹਿਣਗੇ। ਹਾਲਾਂਕਿ, ਇਹ ਪੁੱਛੇ ਜਾਣ ‘ਤੇ ਕਿ ਪਾਂਡਿਆ ਦੀ ਜਗ੍ਹਾ ਸ਼ਾਹਬਾਜ਼ ਨੂੰ ਕਿਉਂ ਚੁਣਿਆ ਗਿਆ ਹੈ, ਸੂਤਰ ਨੇ ਕਿਹਾ ਕਿ ਕੀ ਕੋਈ ਤੇਜ਼ ਗੇਂਦਬਾਜ਼ ਆਲਰਾਊਂਡਰ ਹੈ ਜੋ ਹਾਰਦਿਕ ਦੀ ਜਗ੍ਹਾ ਲੈ ਸਕਦਾ ਹੈ। ਰਾਜ ਬਾਵਾ ਕੋਲ ਬਹੁਤ ਘੱਟ ਤਜਰਬਾ ਹੈ ਅਤੇ ਇਸ ਲਈ ਅਸੀਂ ਉਸ ਨੂੰ ਤਜਰਬਾ ਦੇਣ ਲਈ ਭਾਰਤ ਏ ਟੀਮ ‘ਚ ਰੱਖਿਆ ਹੈ। ਉਸ ਨੂੰ ਅਨੁਭਵ ਲਈ ਸਮਾਂ ਚਾਹੀਦਾ ਹੈ। ਇਸ ਦੌਰਾਨ ਹਨੂਮਾ ਵਿਹਾਰੀ ਸੌਰਾਸ਼ਟਰ ਖ਼ਿਲਾਫ਼ ਇਰਾਨੀ ਕੱਪ ਮੈਚ ‘ਚ ਰੈਸਟ ਆਫ ਇੰਡੀਆ ਟੀਮ ਦੀ ਅਗਵਾਈ ਕਰਨਗੇ।