ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ‘ਚ ਪੁਲੀਸ ਦੇ ਸੀ.ਆਈ.ਏ. ਸਟਾਫ਼ ਦੇ ਇਕ ਸਬ-ਇੰਸਪੈਕਟਰ ਦੀ ਗੱਡੀ ਹੇਠੋਂ ਧਮਾਕਾਖੇਜ਼ ਸਮੱਗਰੀ ਮਿਲਣ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ। ਇਹ ਸਮੱਗਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਬੋਲੇਰੋ ਜੀਪ ਹੇਠਾਂ ਰੱਖੀ ਮਿਲੀ। ਇਸ ਦਾ ਪਤਾ ਸਭ ਤੋਂ ਪਹਿਲਾਂ ਕਾਰ ਧੋਣ ਵਾਲੇ ਵਿਅਕਤੀਆਂ ਨੂੰ ਲੱਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਬਾਰਡਰ ਰੇਂਜ ਦੇ ਆਈ.ਜੀ. ਮੁਨੀਸ਼ ਚਾਵਲਾ, ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਤੇ ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸਬ-ਇੰਸਪੈਕਟਰ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਕਾਰ ਧੋਣ ਵਾਲਿਆਂ ਨੇ ਇਸ ਦੀ ਜਾਣਕਾਰੀ ਉਸ ਨੂੰ ਦਿੱਤੀ ਅਤੇ ਦੱਸਿਆ ਕਿ ਕਾਰ ਦੇ ਹੇਠਾਂ ਕੁਝ ਸ਼ੱਕੀ ਸਮੱਗਰੀ ਰੱਖੀ ਹੋਈ ਹੈ। ਉਸ ਨੇ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਆਈ.ਈ.ਡੀ. ਹੈ ਜਿਸ ਨੂੰ ਕੁਝ ਅਣਪਛਾਤੇ ਵਿਅਕਤੀ ਕਾਰ ਹੇਠਾਂ ਰੱਖ ਕੇ ਗਏ ਹਨ। ਪੁਲੀਸ ਨੇ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ‘ਚ ਇਕ ਪਗੜੀਧਾਰੀ ਸੀ, ਨੇ ਜੀਪ ਹੇਠਾਂ ਇਹ ਧਮਾਕਾਖੇਜ਼ ਸਮੱਗਰੀ ਰੱਖੀ ਹੈ। ਸਬ-ਇੰਸਪੈਕਟਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਕਿਸੇ ਅਤਿਵਾਦੀ ਜਥੇਬੰਦੀ ਨੇ ਧਮਕੀ ਵੀ ਦਿੱਤੀ ਸੀ ਪਰ ਉਸ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਅਣਪਛਾਤਿਆਂ ਵੱਲੋਂ ਇਹ ਧਮਾਕਾਖੇਜ਼ ਸਮੱਗਰੀ ਕਾਰ ਦੇ ਹੇਠਾਂ ਫਿੱਟ ਕੀਤੀ ਗਈ ਸੀ ਪਰ ਇਹ ਡਿੱਗ ਪਈ ਅਤੇ ਕਾਰ ਧੋਣ ਵਾਲੇ ਦੀ ਨਜ਼ਰ ‘ਚ ਆ ਗਈ। ਆਈ.ਜੀ. ਬਾਰਡਰ ਰੇਂਜ ਨੇ ਆਖਿਆ ਕਿ ਇਹ ਧਮਾਕਾਖੇਜ਼ ਸਮੱਗਰੀ ਜਾਂਚ ਵਾਸਤੇ ਭੇਜੀ ਗਈ ਹੈ ਤਾਂ ਜੋ ਇਸ ਦੀ ਧਮਾਕਾ ਸ਼ਕਤੀ ਦਾ ਪਤਾ ਲੱਗ ਸਕੇ। ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਆਖਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਟਰਸਾਈਕਲ ‘ਤੇ ਆਏ ਵਿਅਕਤੀਆਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਧਮਾਕਾਖੇਜ਼ ਸਮੱਗਰੀ ਨਕਾਰਾ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ‘ਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।