ਥਾਈਲੈਂਡ ਨੂੰ 74 ਦੌੜਾਂ ਨਾਲ ਹਰਾ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚ ਗਈ ਹੈ। ਸੈਮੀਫਾਈਨਲ ਮੈਚ ‘ਚ ਥਾਈਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਮਹਿਲਾ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 148 ਦੌੜਾਂ ਬਣਾਈਆਂ ਅਤੇ ਥਾਈਲੈਂਡ ਨੂੰ ਜਿੱਤ ਲਈ 149 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਥਾਈਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 74 ਦੌੜਾਂ ਬਣਾਈਆਂ ਤੇ ਇੰਡੀਆ ਨੇ 74 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਏਸ਼ੀਆ ਕੱਪ 2022 ਦੇ ਫਾਈਨਲ ‘ਚ ਵੀ ਪਹੁੰਚ ਗਈ। ਇੰਨਾ ਹੀ ਨਹੀਂ ਭਾਰਤੀ ਮਹਿਲਾ ਟੀਮ ਨੇ ਅੱਠਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚਣ ਦਾ ਮਾਣ ਹਾਸਲ ਕੀਤਾ ਹੈ। ਮੈਚ ‘ਚ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨ ਨੇ 13 ਦੌੜਾਂ ‘ਤੇ ਆਪਣੀ ਵਿਕਟ ਗੁਆ ਦਿੱਤੀ ਤੇ ਉਸ ਨੇ 14 ਗੇਂਦਾਂ ਖੇਡ ਕੇ ਇਹ ਦੌੜਾਂ ਬਣਾਈਆਂ। ਮੰਧਾਨਾ ਨੇ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ ਵਰਮਾ ਨੇ 28 ਗੇਂਦਾਂ ‘ਚ 42 ਦੌੜਾਂ ਦੀ ਪਾਰੀ ਖੇਡੀ ਤੇ ਉਹ ਕੈਚ ਆਊਟ ਹੋ ਗਈ। ਇੰਡੀਆ ਦਾ ਤੀਜਾ ਵਿਕਟ ਜੇਮਿਮਾ ਰੌਡਰਿਗਜ਼ ਦੇ ਰੂਪ ‘ਚ ਡਿੱਗਿਆ ਜਿਨ੍ਹਾਂ ਨੇ 27 ਦੌੜਾਂ ਬਣਾਈਆਂ। ਰਿਚਾ ਧੋਸ਼ ਨੇ 2 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਲੈੱਗ ਪਹਿਲਾਂ ਆਊਟ ਹੋ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 36 ਦੌੜਾਂ ਦੀ ਖੇਡ ਆਊਟ ਹੋਈ। ਦੂਜੇ ਪਾਸੇ ਥਾਈਲੈਂਡ ਦੀ ਪਹਿਲੀ ਵਿਕਟ ਨੰਨਾਪਤ ਕੋਂਚਰੋਏਨਕਾਈ ਦੇ ਰੂਪ ‘ਚ ਡਿੱਗੀ ਤੇ ਉਸ ਨੂੰ ਦੀਪਤੀ ਸ਼ਰਮਾ ਨੇ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਦੀਪਤੀ ਸ਼ਰਮਾ ਨੇ ਨਥਾਕਨ ਚਾਂਥਮ ਨੂੰ 4 ਦੌੜਾਂ ‘ਤੇ ਆਊਟ ਕਰਕੇ ਇੰਡੀਆ ਨੂੰ ਦੂਜੀ ਸਫਲਤਾ ਦਿਵਾਈ। ਦੀਪਤੀ ਸ਼ਰਮਾ ਨੇ ਸੋਨਾਰਿਨ ਟਿਪੋਚ ਨੂੰ 5 ਦੌੜਾਂ ‘ਤੇ ਆਊਟ ਕਰਕੇ ਆਪਣੀ ਤੀਜੀ ਵਿਕਟ ਲਈ, ਜਦਕਿ ਰੇਣੂਕਾ ਸਿੰਘ ਨੇ ਚਨਿਦਾ ਸੁਥਿਰੁਆਂਗ ਨੂੰ ਇਕ ਦੌੜ ‘ਤੇ ਆਊਟ ਕਰਕੇ ਇੰਡੀਆ ਨੂੰ ਚੌਥੀ ਸਫਲਤਾ ਦਿਵਾਈ। ਇੰਡੀਆ ਲਈ ਇਸ ਮੈਚ ‘ਚ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਗਾਇਕਵਾੜ ਨੇ ਦੋ ਜਦਕਿ ਰੇਣੂਕਾ ਸਿੰਘ, ਸਨੇਹ ਰਾਣਾ ਤੇ ਸ਼ੈਫਾਲੀ ਵਰਮਾ ਨੇ ਇਕ-ਇਕ ਵਿਕਟ ਹਾਸਲ ਕੀਤੀ। ਇੰਡੀਆ ਦਾ ਫਾਈਨਲ ਮੈਚ ਹੁਣ ਸ਼੍ਰੀਲੰਕਾ ਨਾਲ ਸ਼ਨਿੱਚਰਵਾਰ ਨੂੰ ਹੋਵੇਗਾ ਜੋ ਪਾਕਿਸਤਾਨ ਨੂੰ ਸਿਰਫ ਇਕ ਦੌੜ ਦੇ ਫਰਕ ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਹੈ।