ਥਾਈਲੈਂਡ ਦੇ ਦੱਖਣੀ ਹਿੱਸੇ ‘ਚ ਹੋਏ ਬੰਬ ਧਮਾਕੇ ‘ਚ ਤਿੰਨ ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਉਦੋਂ ਹੋਇਆ ਜਦੋਂ ਕਰਮਚਾਰੀ ਹਫਤੇ ਦੇ ਅੰਤ ‘ਚ ਹੋਏ ਇਕ ਹੋਰ ਧਮਾਕੇ ਵਾਲੀ ਥਾਂ ਤੋਂ ਮਲਬਾ ਸਾਫ਼ ਕਰ ਰਹੇ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਵੇਰੇ ਕਰੀਬ 6.30 ਵਜੇ ਉਸ ਸਮੇਂ ਹੋਇਆ ਜਦੋਂ ਰੇਲਵੇ ਕਰਮਚਾਰੀ ਖਲੋਂਗ ਨਗਈ ਸਟੇਸ਼ਨ ਦੇ ਨੇੜੇ ਪਟੜੀਆਂ ਦੀ ਮੁਰੰਮਤ ਕਰ ਰਹੇ ਸਨ ਜੋ ਸ਼ਨੀਵਾਰ ਨੂੰ ਹੋਏ ਧਮਾਕੇ ‘ਚ ਨੁਕਸਾਨੀਆਂ ਗਈਆਂ ਸਨ। ਸ਼ਨੀਵਾਰ ਨੂੰ ਧਮਾਕੇ ਕਾਰਨ ਇਕ ਮਾਲ ਗੱਡੀ ਵੀ ਉਲਟ ਗਈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੇਲਵੇ ਰੂਟ ਬੰਦ ਕਰਨਾ ਪਿਆ। ਪੁਲੀਸ ਨੇ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ‘ਤੇ ਹੈ। ਦੱਖਣੀ ਥਾਈਲੈਂਡ ‘ਚ ਬੰਬ ਧਮਾਕੇ ਕੋਈ ਨਵੀਂ ਗੱਲ ਨਹੀਂ ਹਨ, ਜਿੱਥੇ ਪਿਛਲੇ ਸਮੇਂ ‘ਚ ਸਰਕਾਰ ਵਿਰੋਧੀ ਵੱਖਵਾਦੀਆਂ ਨੇ ਸਰਕਾਰੀ ਬਲਾਂ ਨਾਲ ਝੜਪ ਕੀਤੀ ਹੈ। ਹਾਲਾਂਕਿ ਹਾਲ ਹੀ ਦੇ ਸਾਲਾਂ ‘ਚ ਹਿੰਸਾ ‘ਚ ਕਮੀ ਆਈ ਹੈ।