ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਨੇੜਲੇ ਥਾਣਾ ਸਰਹਾਲੀ ਅੰਦਰ ਅੱਜ ਤੜਕਸਾਰ ਅਣਪਛਾਤਿਆਂ ਨੇ ਰਾਕੇਟ ਨਾਲ ਹਮਲਾ ਕਰ ਦਿੱਤਾ ਜਿਸ ‘ਚ ਕਿਸੇ ਵੀ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਰਾਕੇਟ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ‘ਚ ਲੱਗਾ ਜਿਸ ਨਾਲ ਪੁਲੀਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜ਼ਿਲ੍ਹਾ ਤਰਨ ਤਾਰਨ ਦੇ ਪੁਲੀਸ ਅਧਿਕਾਰੀ ਥਾਣਾ ਸਰਹਾਲੀ ਅੰਦਰ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਥਾਣੇ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਬਾਹਰੀ ਵਿਅਕਤੀ ਥਾਣੇ ਅੰਦਰ ਦਾਖਲ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਅੰਦਰ ਪੁਲੀਸ ਦੇ ਖ਼ੁਫੀਆ ਦਫਤਰ ਉਪਰ ਹਮਲੇ ਦੇ ਤਾਰ ਵੀ ਪੱਟੀ ਇਲਾਕੇ ਨਾਲ ਜੁੜੇ ਸਨ। ਸਰਹਾਲੀ ਥਾਣੇ ‘ਤੇ ਹਮਲੇ ਦੀ ਸਿੱਖਸ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂ.ਏ.ਪੀ.ਏ. ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਸਬੰਧੀ ਐੱਸ.ਐੱਫ.ਜੇ. ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਸਵਾਲ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਤੇ ਉਹ ਇਸ ਬਾਰੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੇ। ਭਾਰਤੀ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲੀਸ ਅਮਰੀਕਾ ਦੀਆਂ ਏਜੰਸੀਆਂ ਨਾਲ ਲਗਾਤਾਰ ਸੰਪਰਕ ‘ਚ ਹੈ ਤੇ ਵਿਦੇਸ਼ਾਂ ‘ਚ ਬੈਠੇ ਸਾਰੇ ਗੈਂਗਸਟਰਾਂ ਨੂੰ ਟ੍ਰਾਇਲ ਬੇਸ ‘ਤੇ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਸਬੰਧੀ ਵੀ ਜਲਦ ਹੀ ਸਪੱਸ਼ਟ ਕਰ ਦਿੱਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਦੇ ਸਵਾਲ ‘ਤੇ ਡੀ.ਜੀ.ਪੀ. ਨੇ ਕਿਹਾ ਕਿ ਡਰਨ ਦੀ ਲੋੜ ਨਹੀਂ, ਸਗੋਂ ਲੋਕ ਪੁਲੀਸ ਦਾ ਸਾਥ ਦੇਣ। ਧਮਕੀ ਜਾਂ ਫਿਰੌਤੀ ਭਰੀ ਕੋਈ ਕਾਲ ਆਉਂਦੀ ਹੈ ਤਾਂ ਪੁਲੀਸ ਨੂੰ ਰਿਪੋਰਟ ਕੀਤੀ ਜਾਵੇ ਕਿਉਂਕਿ ਲੋਕਲ ਬਦਮਾਸ਼ ਇਸ ਦਾ ਫਾਇਦਾ ਉਠਾਉਂਦੇ ਹਨ।