ਜਲੰਧਰ, ਫਰੀਦਕੋਟ, ਕਪੂਰਥਲਾ, ਲੁਧਿਆਣਾ ਤੋਂ ਬਾਅਦ ਹੁਣ ਤਰਨ ਤਾਰਨ ‘ਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਉੱਚ ਪੁਲੀਸ ਅਧਿਕਾਰੀ ਨਾਲ ‘ਲੜਾਈ’ ਸਾਹਮਣੇ ਆ ਗਈ ਹੈ। ਤਰਨ ਤਾਰਨ ਦੇ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਪਾਰਟੀ ਦੇ ਇਕ ਆਗੂ ਖ਼ਿਲਾਫ਼ ਸੜਕ ਕੰਢਿਓਂ ਦਰੱਖ਼ਤ ਵੱਢਣ ਦੇ ਦੋਸ਼ ਹੇਠ ਦਰਜ ਕੀਤਾ ਕੇਸ ਰੱਦ ਕਰਾਉਣ ਦੀ ਮੰਗ ਤਹਿਤ ਸਥਾਨਕ ਥਾਣਾ ਸਿਟੀ ਸਾਹਮਣੇ ਐੱਸ.ਐੱਸ.ਪੀ. ਖ਼ਿਲਾਫ਼ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰਦਿਆਂ ਸੋਹਲ ਨੇ ਦਾਅਵਾ ਕੀਤਾ ਕਿ ਪਾਰਟੀ ਆਗੂ ਖ਼ਿਲਾਫ਼ ਦਰਜ ਕੀਤਾ ਗਿਆ ਉਕਤ ਕੇਸ ਝੂਠਾ ਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਨੂੰ ਇਸ ਕੇਸ ‘ਚ ਜ਼ਬਰਦਰਤੀ ਫਸਾਉਣ ਵਾਲੇ ਅਧਿਕਾਰੀ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨਗੇ। ਜ਼ਿਕਰਯੋਗ ਹੈ ਕਰੀਬ ਇਕ ਹਫ਼ਤਾ ਪਹਿਲਾਂ ਥਾਣਾ ਸਿਟੀ ਵੱਲੋਂ ਸ਼ਹਿਰ ਦੇ ਇਕ ਵਾਰਡ ਦੇ ਇੰਚਾਰਜ ਹਰਪ੍ਰੀਤ ਸਿੰਘ ਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਦਰੱਖ਼ਤ ਵੱਢਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਹਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਆਗੂ ਖ਼ਿਲਾਫ਼ ਦਰਜ ਕੀਤਾ ਕੇਸ ਜਦੋਂ ਤੱਕ ਵਾਪਸ ਨਹੀਂ ਹੋ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐੱਸ.ਐੱਸ.ਪੀ. ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦਾ ਤਬਾਦਲਾ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ। ਡੀ.ਐੱਸ.ਪੀ. ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਉਨ੍ਹਾਂ ਦੀ ਪਤਨੀਆਂ ਤੇ ਪਰਿਵਾਰਕ ਜੀਆਂ ਅਤੇ ਹਲਕਾ ਇੰਚਾਰਜਾਂ ਵੱਲੋਂ ਇਸ ਤਰ੍ਹਾਂ ਦੇ ਢੰਗ ਤਰੀਕੇ ਅਪਨਾਉਣ ਕਰਕੇ ਪਾਰਟੀ ਦੀ ਸਾਖ ਲੋਕਾਂ ‘ਚ ਖ਼ਰਾਬ ਹੋ ਰਹੀ ਹੈ।