ਕਾਮਨਵੈਲਥ ਗੇਮਜ਼ ’ਚ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਸੈਮੀਫਾਈਨਲ ’ਚ 54.55 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਆਪਣੀ ਹੀਟ ’ਚ ਚੌਥੇ ਅਤੇ ਕੁੱਲ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਹੁੰਚਿਆ ਹੈ। ਦੱਖਣੀ ਅਫਰੀਕਾ ਦੇ ਪੀਟਰ ਕੋਏਟਜ਼ੇ ਨੇ ਦੋਵਾਂ ਸੈਮੀਫਾਈਨਲ ’ਚ 53.67 ਸਕਿੰਟ ਦਾ ਸਮਾਂ ਕੱਢਿਆ। ਬੈਂਗਲੁਰੂ ਦੇ 21 ਸਾਲਾ ਨਟਰਾਜ ਨੇ ਇਸ ਤੋਂ ਪਹਿਲਾਂ ਆਪਣੀ ਹੀਟ ’ਚ 54.68 ਸਕਿੰਟ ਦਾ ਸਮਾਂ ਲੈ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ। ਉਹ ਆਪਣੀ ਹੀਟ ’ਚ ਤੀਜਾ ਸਭ ਤੋਂ ਤੇਜ਼ ਅਤੇ ਕੁੱਲ ਪੰਜਵੇਂ ਸਭ ਤੋਂ ਤੇਜ਼ ਤੈਰਾਕ ਰਹੇ ਸਨ। ਸਾਜਨ ਪ੍ਰਕਾਸ਼ ਅਤੇ ਪਹਿਲੀ ਵਾਰ ਖੇਡ ਰਹੇ ਕੁਸ਼ਾਗਰ ਰਾਵਤ ਆਪੋ-ਆਪਣੇ ਵਰਗਾਂ ’ਚ ਸੈਮੀਫਾਈਨਲ ’ਚ ਨਹੀਂ ਪਹੁੰਚ ਸਕੇ। ਪ੍ਰਕਾਸ਼ ਪੁਰਸ਼ਾਂ ਦੀ 50 ਮੀਟਰ ਬਟਰਫਲਾਈ ’ਚ ਆਪਣੀ ਹੀਟ ’ਚ ਅੱਠਵੇਂ ਸਥਾਨ ’ਤੇ ਰਹੇ। ਉਨ੍ਹਾਂ ਨੇ 25.01 ਸਕਿੰਟ ਦਾ ਸਮਾਂ ਲਿਆ। ਚੋਟੀ ਦੇ 16 ਤੈਰਾਕਾਂ ਨੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਕੁਸ਼ਾਗਰ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ ’ਚ 3:57.45 ਸਕਿੰਟ ਦਾ ਸਮਾਂ ਲਗਾ ਕੇ ਆਪਣੀ ਹੀਟ ’ਚ ਆਖਰੀ ਸਥਾਨ ’ਤੇ ਰਹੇ। ਕੁਸ਼ਾਗਰ ਅਤੇ ਪ੍ਰਕਾਸ਼ ਹੁਣ ਦੂਜੇ ਵਰਗ ’ਚ ਚੁਣੌਤੀ ਪੇਸ਼ ਕਰਨਗੇ। ਪ੍ਰਕਾਸ਼ ਪੁਰਸ਼ਾਂ ਦੀ 100 ਮੀਟਰ ਅਤੇ 200 ਮੀਟਰ ਬਟਰਫਲਾਈ ’ਚ ਜਦਕਿ ਕੁਸ਼ਾਗਰ ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ ਅਤੇ 200 ਮੀਟਰ ਫ੍ਰੀਸਟਾਈਲ ’ਚ ਉਤਰਨਗੇ।