ਤੁਰਕੀ ਨੇ ਉੱਤਰੀ ਸੀਰੀਆ ਦੇ ਕਈ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ ਹਨ। ਕੁਰਦਾਂ ਦੀ ਅਗਵਾਈ ਵਾਲੇ ਬਲਾਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਇਸਤਾਂਬੁਲ ਧਮਾਕੇ ਤੋਂ ਹਫ਼ਤਾ ਬਾਅਦ ਹੋਏ ਹਨ। ਤੁਰਕੀ ਦੇ ਅਧਿਕਾਰੀਆਂ ਨੇ ਇਸ ਹਮਲੇ ਲਈ ਕੁਰਦਿਸਤਾਨ ਵਰਕਰਜ਼ ਪਾਰਟੀ ਅਤੇ ਇਸ ਨਾਲ ਜੁੜੀਆਂ ਸੀਰਿਆਈ ਕੁਰਦ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਹਾਲਾਂਕਿ ਕੁਰਦ ਅੱਤਵਾਦੀ ਜਥੇਬੰਦੀਆਂ ਨੇ ਇਸ ‘ਚ ਸ਼ਮੂਲੀਅਤ ਦੇ ਦੋਸ਼ ਨਕਾਰ ਦਿੱਤੇ ਹਨ। ਹਮਲਿਆਂ ਮਗਰੋਂ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇਕ ਲੜਾਕੂ ਜਹਾਜ਼ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘ਵਿਸ਼ਵਾਸਘਾਤੀ ਹਮਲਿਆਂ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਹੈ।’ ਹਵਾਈ ਹਮਲਿਆਂ ਨੇ ਤੁਰਕੀ ਦੀ ਸਰਹੱਦ ਨੇੜਲੇ ਸ਼ਹਿਰ ਕੋਬਾਨੀ ਨੂੰ ਨਿਸ਼ਾਨਾ ਬਣਾਇਆ। ਐੱਸ.ਡੀ.ਐੱਫ. ਦੇ ਬੁਲਾਰੇ ਫਰਹਾਦ ਸ਼ਮੀ ਨੇ ਦੱਸਿਆ ਕਿ ਬੇਘਰੇ ਲੋਕਾਂ ਦੀ ਆਬਾਦੀ ਵਾਲੇ ਦੋ ਪਿੰਡ ਨਿਸ਼ਾਨੇ ‘ਤੇ ਸਨ, ਜਿਸ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਸੀਰੀਆ ਦੇ ਫ਼ੌਜੀ ਟਿਕਾਣਿਆਂ ‘ਤੇ ਵੀ ਹਮਲਾ ਹੋਇਆ, ਜਿਸ ਕਾਰਨ ਐੱਸ.ਡੀ.ਐੱਫ. ਤੇ ਸੀਰੀਅਨ ਫ਼ੌਜ ਦੇ 12 ਜਵਾਨਾਂ ਦੀ ਮੌਤ ਹੋ ਗਈ। ਆਬਜ਼ਰਵੇਟਰੀ ਅਨੁਸਾਰ ਤੁਰਕੀ ਦੇ ਲੜਾਕੂ ਜਹਾਜ਼ਾਂ ਵੱਲੋਂ ਅਲੇਪੋ, ਰਾਕਾ ਤੇ ਹਸਕਾਹ ਦੇ ਇਲਾਕਿਆਂ ‘ਚ ਲਗਪਗ 25 ਹਵਾਈ ਹਮਲੇ ਕੀਤੇ ਗਏ ਹਨ।