ਕੋਲਾ ਖਾਨ ‘ਚ ਹੋਏ ਧਮਾਕੇ ਨੇ 25 ਲੋਕਾਂ ਦੀ ਜਾਨ ਲੈ ਲਈ ਹੈ ਜਦਕਿ ਕਈ ਹੋਰ ਜ਼ਖਮੀ ਹਨ। ਇਹ ਘਟਨਾ ਤੁਰਕੀ ਦੀ ਹੈ ਜਿਥੇ ਧਮਾਕੇ ਮਗਰੋਂ ਬਚਾਅ ਕਾਰਜ ਜਾਰੀ ਹੈ। ਬਚਾਅ ਕਰਮੀਆਂ ਨੇ ਉਥੇ ਫਸੇ ਹੋਰਨਾਂ ਨੂੰ ਬਚਾਉਣ ਲਈ ਰਾਤ ਭਰ ਕੋਸ਼ਿਸ਼ਾਂ ਕੀਤੀਆਂ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਧਮਾਕਾ ਸ਼ਾਮ ਪੌਣੇ ਸੱਤ ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਰਾ ਕਸਬੇ ‘ਚ ਸਰਕਾਰੀ-ਸੰਚਾਲਿਤ ਟੀਟੀਕੇ ਅਮਾਸਰਾ ਮਯੁਸਸੇਸੇ ਮੁਦੁਰਲੁਗੂ ਖਾਨ ‘ਚ ਹੋਇਆ। ਊਰਜਾ ਮੰਤਰੀ ਫਾਤੇਹ ਡੋਨਮੇਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਧਮਾਕਾ ਕੋਲੇ ਦੀਆਂ ਖਾਣਾਂ ‘ਚ ਮੌਜੂਦ ਜਲਣਸ਼ੀਲ ਗੈਸਾਂ ਕਾਰਨ ਹੋਇਆ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕੇ ਦੇ ਸਮੇਂ ਖਾਨ ‘ਚ 110 ਲੋਕ ਮੌਜੂਦ ਸਨ। ਸੋਇਲੂ ਬਚਾਅ ਮੁਹਿੰਮ ਦਾ ਤਾਲਮੇਲ ਕਰਨ ਲਈ ਅਮਾਸਾਰਾ ਗਏ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਜ਼ਿਆਦਾਤਰ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਸੀ ਪਰ 49 ਮਜ਼ਦੂਰ ਖਾਨ ਦੇ ਉੱਚ ਜੋਖਮ ਵਾਲੇ ਖੇਤਰ ‘ਚ ਫਸ ਗਏ ਸਨ। ਹਾਲਾਂਕਿ ਸੋਇਲੂ ਨੇ ਇਹ ਨਹੀਂ ਦੱਸਿਆ ਕਿ ਖਾਨ ‘ਚ ਕਿੰਨੇ ਲੋਕ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 49 ਮਜ਼ਦੂਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਸਿਹਤ ਮੰਤਰੀ ਫਹਰੇਤਿਨ ਕੋਕਾ ਨੇ ਦੱਸਿਆ ਕਿ ਘੱਟੋ-ਘੱਟ 17 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਅੱਠ ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ ‘ਚ ਕੀਤਾ ਜਾ ਰਿਹਾ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਕਈ ਬਚਾਅ ਟੀਮਾਂ ਨੂੰ ਘਟਨਾ ਵਾਲੀ ਥਾਂ ‘ਤੇ ਰਵਾਨਾ ਕੀਤਾ ਗਿਆ ਹੈ। ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਦੱਖਣ-ਪੂਰਬੀ ਸ਼ਹਿਰ ਦੀਆਬਾਕਿਰ ਦੀ ਆਪਣੀ ਯੋਜਨਾਬੱਧ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਅਮਾਸਰਾ ਜਾਣਗੇ ਅਤੇ ਘਟਨਾ ਦੀ ਜਾਂਚ ਲਈ ਤਿੰਨ ਸਰਕਾਰੀ ਵਕੀਲ ਨਿਯੁਕਤ ਕੀਤੇ ਗਏ ਹਨ।