ਤੁਰਕੀ ‘ਚ ਆਏ ਵਿਨਾਸ਼ਕਾਰੀ ਭੂਚਾਲ ਦੇ ਬਾਅਦ ਤੋਂ ਫੁਟਬਾਲਰ ਕ੍ਰਿਸ਼ਚੀਅਨ ਅਤਸੂ ਲਾਪਤਾ ਹਨ ਅਤੇ ਖ਼ਦਸ਼ਾ ਹੈ ਕਿ ਉਹ ਮਲਬੇ ਹੇਠ ਦੱਬੇ ਹੋਏ ਹਨ। ਤੁਰਕੀ ਅਤੇ ਗੁਆਂਢੀ ਸੀਰੀਆ ‘ਚ ਸੋਮਵਾਰ ਨੂੰ 7.8 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੂਚਾਲ ਕਾਰਨ ਅੱਠ ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ। ਘਾਨਾ ਦੇ ਖਿਡਾਰੀ ਅਤਸੂ ਤੁਰਕੀ ਦੇ ਕਲੱਬ ਹਾਟੈਸਪੋਰ ਲਈ ਖੇਡਦੇ ਹਨ। ਕਲੱਬ ਦੇ ਬੁਲਾਰੇ ਮੁਸਤਫਾ ਓਜ਼ਾਤ ਨੇ ਕਿਹਾ ਕਿ ਉਹ ਉਸ ਇਮਾਰਤ ‘ਚ ਸਨ ਜੋ ਤਬਾਹ ਹੋ ਗਈ ਹੈ। ਕਲੱਬ ਦੇ ਦੋ ਖਿਡਾਰੀਆਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਭੂਚਾਲ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਬਚਾਅ ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ ਤਾਂ ਜੋ ਮਲਬੇ ‘ਚ ਜੇਕਰ ਕੋਈ ਵੀ ਜਿਊਂਦਾ ਬਚਿਆ ਹੈ ਤਾਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਭੂਚਾਲ ਦਾ ਕੇਂਦਰ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਤੋਂ ਕਰੀਬ 30 ਕਿਲੋਮੀਟਰ ਦੂਰ ਸੀ। ਭੂਚਾਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਸ਼ਾਪਿੰਗ ਮਾਲ, ਸਟੇਡੀਅਮ, ਮਸਜਿਦਾਂ ਅਤੇ ਕਮਿਊਨਿਟੀ ਸੈਂਟਰਾਂ ‘ਚ ਸ਼ਰਨ ਲਈ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।