ਤੁਰਕੀ ਦੇ ਅੰਤਾਲਿਆ ‘ਚ ਚੱਲ ਰਹੇ ਵਰਲਡ ਕੱਪ ਗੇੜ-1 ‘ਚ ਤਿੰਨ ਜਿੱਤਾਂ ਦਰਜ ਕਰਦਿਆਂ ਨੌਂ ਸਾਲਾਂ ‘ਚ ਪਹਿਲੀ ਵਾਰ ਇੰਡੀਆ ਦੀ ਪੁਰਸ਼ ਰਿਕਰਵ ਟੀਮ ਫਾਈਨਲ ‘ਚ ਪੁੱਜੀ ਹੈ। ਅਤਨੂ ਦਾਸ, ਬੀ. ਧੀਰਜ ਅਤੇ ਤਰੁਨਦੀਪ ਰਾਏ ਦੀ ਤਿੱਕੜੀ ਸੋਨ ਤਗ਼ਮੇ ਲਈ ਐਤਵਾਰ ਨੂੰ ਚੀਨ ਦੀ ਟੀਮ ਨਾਲ ਭਿੜੇਗੀ। ਇੰਡੀਆ ਜੇਕਰ ਖ਼ਿਤਾਬ ਜਿੱਤਦਾ ਹੈ ਤਾਂ 13 ਸਾਲਾਂ ਬਾਅਦ ਇਹ ਉਸ ਦਾ ਪਹਿਲਾ ਸੋਨ ਤਗ਼ਮਾ ਹੋਵੇਗਾ। ਚੌਥਾ ਦਰਜਾ ਪ੍ਰਾਪਤ ਦੀ ਟੀਮ ਵਜੋਂ ਕੁਆਲੀਫਾਈ ਕਰਨ ਮਗਰੋਂ ਇੰਡੀਆ ਦੀ ਪੁਰਸ਼ ਟੀਮ ਨੂੰ ਪਹਿਲੇ ਦੌਰ ‘ਚ ਬਾਈ ਮਿਲੀ। ਇਸ ਮਗਰੋਂ ਇੰਡੀਆ ਨੇ 13ਵੇਂ ਨੰਬਰ ਦੀ ਜਾਪਾਨ ਦੀ ਟੀਮ ਨੂੰ ਸ਼ੂਟ-ਆਫ ‘ਚ 29-28 ਅੰਕਾਂ ਦੇ ਫਰਕ ਨਾਲ ਹਰਾਉਂਦਿਆਂ 5-4 ਨਾਲ ਜਿੱਤ ਹਾਸਲ ਕੀਤੀ। ਚਾਰ ਸੈੱਟਾਂ ਤੋਂ ਬਾਅਦ ਦੋਵੇਂ ਟੀਮਾਂ 4-4 (49-52, 57-52, 54-51, 52-57) ਨਾਲ ਬਰਾਬਰ ਸਨ ਜਿਸ ਮਗਰੋਂ ਭਾਰਤੀ ਟੀਮ ਨੇ ਟਾਈਬ੍ਰੇਕਰ (ਤਿੰਨ ਕੋਸ਼ਿਸ਼ਾਂ) ਵਿੱਚੋਂ ਦੋ ਪਰਫੈਕਟ 10 ਅਤੇ 9 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸ ਮਗਰੋਂ ਭਾਰਤੀ ਪੁਰਸ਼ ਟੀਮ ਨੇ ਦੋ ਆਸਾਨ ਜਿੱਤਾਂ ਦਰਜ ਕੀਤੀਆਂ। ਟੀਮ ਨੇ ਚੀਨੀ ਤਾਇਪੇ ਅਤੇ ਨੈਦਰਲੈਂਡਜ਼ ਨੂੰ 6-2 ਦੇ ਬਰਾਬਰ ਫਰਕ ਨਾਲ ਹਰਾਇਆ। ਭਾਰਤੀ ਤਿੱਕੜੀ ਨੇ ਚੀਨੀ ਤਾਇਪੇ ਖ਼ਿਲਾਫ਼ 4-0 ਦੀ ਲੀਡ ਹਾਸਲ ਕਰਨ ਮਗਰੋਂ 6-2 (55-54, 57-54, 51-53, 58-56) ਨਾਲ ਜਿੱਤ ਹਾਸਲ ਕੀਤੀ। ਦੂਜੇ ਮੈਚ ‘ਚ ਨੈਦਰਲੈਂਡਜ਼ ਟੀਮ ਨੇ ਇੰਡੀਆ ਖ਼ਿਲਾਫ਼ ਪਹਿਲੇ ਦੋ ਸੈੱਟ ਜਿੱਤ ਕੇ 2-0 ਦੀ ਲੀਡ ਹਾਸਲ ਕੀਤੀ ਪਰ ਭਾਰਤੀ ਟੀਮ ਨੇ ਵਾਪਸੀ ਕਰਦਿਆਂ ਮੈਚ 6-2 (56-58, 57-53, 57-55, 56-54) ਨਾਲ ਜਿੱਤ ਲਿਆ।