ਇੰਡੀਆ ਦੀ ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੈਨਮ ਦੀ ਜੋੜੀ ਨੇ ਆਪਣੇ ਸੁਪਨੇ ਦੀ ਦੌੜ ਨੂੰ ਜਾਰੀ ਰੱਖਦੇ ਹੋਏ ਸ਼ੰਘਾਈ ਤੀਰਅੰਦਾਜ਼ੀ ਵਰਲਡ ਕੱਪ ਦੇ ਮਿਕਸਡ ਮੁਕਾਬਲੇ ‘ਚ ਕੋਰੀਅਨ ਟੀਮ ਨੂੰ ਫਾਈਨਲ ‘ਚ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਸ਼ਨਿੱਚਰਵਾਰ ਨੂੰ ਹੋਏ ਇਸ ਮੁਕਾਬਲੇ ‘ਚ ਇੰਡੀਅਨ ਜੋੜੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪਿਛਲੇ ਮਹੀਨੇ ਅੰਤਾਲਿਆ ‘ਚ ਵਰਲਡ ਕੱਪ ਸਟੇਜ-1 ਦਾ ਸੋਨ ਤਗਲੰਾ ਜਿੱਤਣ ਤੋਂ ਬਾਅਦ ਇਸ ਜੋੜੀ ਨੇ ਆਪਣੀ ਨਵੀਂ-ਨਵੀਂ ਕੈਮਿਸਟਰੀ ਨੂੰ ਅੱਗੇ ਵਧਾਇਆ ਅਤੇ ਚੋਟੀ ਦਾ ਦਰਜਾ ਪ੍ਰਾਪਤ ਕੋਰੀਅਨ ਟੀਮ ਕਿਮ ਜੋਂਗਹੋ ਅਤੇ ਓ ਯੋਹਯੂਨ ਨੂੰ 156-155 ਨਾਲ ਪਛਾੜ ਕੇ ਜਿੱਤ ਹਾਸਲ ਕੀਤੀ। ਇਕ ਪਾਸੇ ਤੀਰਅੰਦਾਜ਼ੀ ਦੇ ਵਰਲਡ ਕੱਪ ‘ਚ ਇੰਡੀਆ ਦੀ ਰਿਕਰਵ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਤਾਂ ਦੂਜੇ ਪਾਸੇ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਸਟੇਜ-2 ‘ਚ ਫਾਈਨਲ ‘ਚ ਪਹੁੰਚ ਕੇ ਹੀ ਪਹਿਲਾ ਤਗ਼ਮਾ ਪੱਕਾ ਕਰ ਲਿਆ ਸੀ ਜੋ ਅੱਜ ਗੋਲਡ ਦੇ ਰੂਪ ‘ਚ ਇੰਡੀਆ ਦੀ ਝੋਲੀ ਪਿਆ। ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੈਨਮ ਦੀ ਜੋੜੀ ਸੈਮੀਫਾਈਨਲ ‘ਚ ਇਟਲੀ ਦੀ ਟੀਮ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ। ਯਾਦ ਰਹੇ ਕਿ ਇੰਡੀਆ ਦੀ ਛੇ ਨੰਬਰ ਦਰਜਾ ਪ੍ਰਾਪਤ ਓਜਸ ਅਤੇ ਜਯੋਤੀ ਦੀ ਜੋੜੀ ਨੇ ਸੈਮੀਫਾਈਨਲ ‘ਚ ਇਟਲੀ ਦੀ ਟੀਮ ਨੂੰ 157-157 (19*-19) ਨਾਲ ਹਰਾ ਕੇ ਫਾਈਨਲ ‘ਚ ਕਦਮ ਰੱਖਿਆ ਸੀ। ਲਗਾਤਾਰ ਦੂਜੇ ਵਰਲਡ ਕੱਪ ‘ਚ ਇਸ ਜੋੜੀ ਨੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ। ਇਸ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਬੰਗਲਾਦੇਸ਼ ਨੂੰ 158-151 ਨਾਲ ਹਰਾ ਕੇ ਸ਼ੁਰੂਆਤ ਕੀਤੀ ਅਤੇ ਅਗਲੇ ਗੇੜ ‘ਚ ਤੁਰਕੀ ਦੀ ਮਜ਼ਬੂਤ ਟੀਮ ਨੂੰ 157-156 ਨਾਲ ਹਰਾਇਆ। ਓਜਸ ਅਤੇ ਜਯੋਤੀ ਖ਼ਿਲਾਫ਼ ਸੈਮੀਫਾਈਨਲ ‘ਚ ਇਟਲੀ ਦੀ ਐਲਿਸਾ ਰੋਨਰ ਅਤੇ ਐਲੀਆ ਫਰੈਗਨਨ ਦੀ ਜੋੜੀ ਨੇ ਪਹਿਲੇ ਤੇ ਤੀਜੇ ਰਾਊਂਡ ‘ਚ ਪਰਫੈਕਟ 40 ਸਕੋਰ ਬਣਾਉਂਦਿਆਂ (117-119) ਦੋ ਅੰਕਾਂ ਦੀ ਲੀਡ ਹਾਸਲ ਕੀਤੀ ਜਦਕਿ ਭਾਰਤੀ ਜੋੜੀ ਨੇ ਚੌਥੇ ਰਾਊਂਡ ‘ਚ ਪਰਫੈਕਟ 40 ਸਕੋਰ ਹਾਸਲ ਕਰਦਿਆਂ ਮੁਕਾਬਲੇ ਨੂੰ ਸ਼ੂਟਆਫ ਤੱਕ ਖਿੱਚਿਆ ਅਤੇ ਜਿੱਤ ਹਾਸਲ ਕਰਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਅੱਜ ਫਾਈਨਲ ‘ਚ ਜਿੱਤ ਹਾਸਲ ਕਰਕੇ ਉਸ ਨੇ ਸੋਨ ਤਗ਼ਮਾ ਆਪਣੇ ਨਾਂ ਕਰ ਲਿਆ।