ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂ ਅਤੇ ਇਸ ਸਮੇਂ ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਅਗਨੀਪਥ ਯੋਜਨਾ ਦੀ ਨੁਕਤਾਚੀਨੀ ਕਰਦਿਆਂ ਇਸ ’ਤੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਯੋਜਨਾ ਨੂੰ ਭਵਿੱਖ ਦੇ ਜਵਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਚਾਰ ਸਾਲਾਂ ਮਗਰੋਂ ਜਵਾਨ ਜਦੋਂ ਬਿਨਾਂ ਪੈਨਸ਼ਨ ਤੋਂ ਫੌਜ ’ਚੋਂ ਸੇਵਾਮੁਕਤ ਹੋਣਗੇ ਤਾਂ ਮੁਸ਼ਕਲ ਨਾਲ ਹੀ ਕੋਈ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਅੱਗੇ ਆਵੇਗਾ। ਬਾਗਪਤ ’ਚ ਆਪਣੇ ਦੋਸਤ ਗਜੇ ਸਿੰਘ ਧਾਮਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਅਫਸੋਸ ਜਤਾਉਣ ਆਏ ਸਤਪਾਲ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਵਿੱਖ ਦੇ ਜਵਾਨਾਂ ਨੂੰ ਛੇ ਮਹੀਨਿਆਂ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਛੇ ਮਹੀਨਿਆਂ ਦੀ ਛੁੱਟੀ ਮਿਲੇਗੀ। ਤਿੰਨ ਸਾਲ ਦੀ ਨੌਕਰੀ ਤੋਂ ਬਾਅਦ ਜਦੋਂ ਉਹ ਘਰ ਪਰਤਣਗੇ ਤਾਂ ਉਨ੍ਹਾਂ ਨੂੰ ਵਿਆਹ ਲਈ ਰਿਸ਼ਤੇ ਨਹੀਂ ਆਉਣਗੇ। ਅਗਨੀਪਥ ਯੋਜਨਾ ਜਵਾਨਾਂ ਖ਼ਿਲਾਫ਼ ਹੈ।’ ਸਿਆਸੀ ਮੁੱਦੇ ਉਠਾਉਣ ਤੋਂ ਪਹਿਲਾਂ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮਲਿਕ ਨੇ ਕਿਹਾ ਕਿ ਜੇਕਰ ਉਹ ਪੱਤਰਕਾਰਾਂ ਵਰਗੇ ਸਲਾਹਕਾਰਾਂ ਦੇ ਚੱਕਰ ’ਚ ਫਸ ਗਏ ਹੁੰਦੇ ਤਾਂ ਉਨ੍ਹਾਂ ਇਸ ਅਹੁਦੇ ’ਤੇ ਨਹੀਂ ਪਹੁੰਚਣਾ ਸੀ। ਸਤਿਆ ਪਾਲ ਮਲਿਕ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ’ਤੇ ਬਿਠਾਉਣ ਵਾਲਾ ਵਿਅਕਤੀ ਅਸਤੀਫਾ ਮੰਗੇਗਾ ਤਾਂ ਉਹ ਅਹੁਦਾ ਛੱਡਣ ’ਚ ਇਕ ਮਿੰਟ ਨਹੀਂ ਲਗਾਉਣਗੇ। ਰਾਜਪਾਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਦੀਆਂ ਯੋਜਨਾਵਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਸਰਗਰਮ ਸਿਆਸਤ ’ਚ ਆਉਣ ਜਾਂ ਚੋਣਾਂ ਲਡ਼ਨ ਤੋਂ ਇਨਕਾਰ ਕੀਤਾ।