ਜੇਕਰ ਤੁਸੀਂ ਡਾਕਟਰ ਹੋਣ ਤਾਂ ਸਿੰਗਾਪੁਰ ਤੁਹਾਡੇ ਲਈ ਇਕ ਯੋਜਨਾ ਲੈ ਕੇ ਆ ਰਿਹਾ ਹੈ। ਇਸ ਤਹਿਤ ਸਿੰਗਾਪੁਰ ਅਗਲੇ ਤਿੰਨ ਸਾਲਾਂ ‘ਚ ਇੰਡੀਆ ਤੋਂ 180 ਜੂਨੀਅਰ ਡਾਕਟਰਾਂ ਦੀ ਭਰਤੀ ਕਰੇਗਾ। ਮੀਡੀਆ ਦੀ ਇਕ ਖ਼ਬਰ ਮੁਤਾਬਕ 10 ਅਕਤੂਬਰ ਨੂੰ ਖ਼ਤਮ ਹੋਣ ਵਾਲੇ ਇਕ ਟੈਂਡਰ ਦੇ ਤਹਿਤ 2022 ਤੋਂ 2024 ਤੱਕ ਇੰਡੀਆ ਤੋਂ ਹਰ ਸਾਲ 60 ਮੈਡੀਕਲ ਅਫ਼ਸਰਾਂ ਦੀ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਸਕੀਮ ਨੂੰ 2025 ਤੱਕ ਵਧਾਉਣ ਦੀ ਵੀ ਸੰਭਾਵਨਾ ਹੈ। ਸਿੰਗਾਪੁਰ ਦੀਆਂ ਜਨਤਕ ਸਿਹਤ ਸੰਸਥਾਵਾਂ ਨਾਲ ਜੁੜੀ ਇਕ ਕੰਪਨੀ ਅਨੁਸਾਰ ਸਿੰਗਾਪੁਰ ਕੰਮ ਦੇ ਬੋਝ ਨੂੰ ਘਟਾਉਣ ਅਤੇ ਆਪਣੇ ਸਿਹਤ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਡਾਕਟਰਾਂ ਦੀ ਭਰਤੀ ਕਰ ਰਿਹਾ ਹੈ। ਟੈਂਡਰ ਦੀ ਪੁਸ਼ਟੀ ਕਰਦਿਆਂ ਕੰਪਨੀ ਨੇ ਕਿਹਾ ਕਿ ਡਾਕਟਰਾਂ ਦੀ ਭਰਤੀ ਸਿਰਫ਼ ਇੰਡੀਆ ਤੋਂ ਹੀ ਨਹੀਂ ਸਗੋਂ ਆਸਟਰੇਲੀਆ ਅਤੇ ਯੂ.ਕੇ. ਤੋਂ ਵੀ ਕੀਤੀ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਭਾਲ ਹੈ, ਜੋ ਮੈਡੀਕਲ ਰਜਿਸਟ੍ਰੇਸ਼ਨ ਐਕਟ ‘ਚ ਸੂਚੀਬੱਧ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਟ ਹੋਏ ਹਨ। ਕੰਪਨੀ ਨੇ ਕਿਹਾ, ‘ਇਨ੍ਹਾਂ ਡਾਕਟਰਾਂ ਨੂੰ ਸਖ਼ਤ ਨਿਯਮਾਂ ਦੇ ਤਹਿਤ ‘ਕਲੀਨਿਕਲ ਅਭਿਆਸ’ ਲਈ ਸ਼ਰਤੀਆ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।’ ਕੰਪਨੀ ਅਨੁਸਾਰ, ‘ਸਿੰਗਾਪੁਰ ਮੈਡੀਕਲ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਮੈਡੀਕਲ ਸਕੂਲਾਂ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸਥਾਨਕ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।’ ਹਾਲਾਂਕਿ ਇਸ ਟੈਂਡਰ ਨੂੰ ਲੈ ਕੇ ਡਾਕਟਰੀ ਭਾਈਚਾਰੇ ‘ਚ ਚਿੰਤਾਵਾਂ ਵਧ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਇਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਜਦੋਂ ਕਿ ਕੁਝ ਨੇ ਇੰਡੀਆ ਤੋਂ ਡਾਕਟਰਾਂ ਦੀ ਭਰਤੀ ‘ਤੇ ਸਵਾਲ ਉਠਾਏ ਤਾਂ ਕੁਝ ਨੇ ਜਾਅਲੀ ਪ੍ਰਮਾਣੀਕਰਣ ‘ਤੇ ਚਿੰਤਾ ਜ਼ਾਹਰ ਕੀਤੀ। ਹੋਰਨਾਂ ਨੇ ਪੁੱਛਿਆ ਕਿ ਸਿੰਗਾਪੁਰ ਇਸ ਦੀ ਬਜਾਏ ਦੇਸ਼ ਦੇ ਮੈਡੀਕਲ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਕਿਉਂ ਨਹੀਂ ਵਧਾ ਸਕਦਾ? ਸਾ ਸਵੀ ਹਾਕ ਸਕੂਲ ਆਫ਼ ਪਬਲਿਕ ਹੈਲਥ ਦੇ ਐਸੋਸੀਏਟ ਪ੍ਰੋਫੈਸਰ ਜੇਰੇਮੀ ਲਿਮ ਨੇ ਪਿਛਲੇ ਮਹੀਨੇ ਦੇ ਅਖੀਰ ‘ਚ ਸੋਸ਼ਲ ਮੀਡੀਆ ”ਤੇ ਇਕ ਪੋਸਟ ‘ਚ ਕਿਹਾ ਸੀ ਕਿ ਜੇ ਸਿੰਗਾਪੁਰ ਵਰਗੇ ਵਿਕਸਤ ਦੇਸ਼ ਵਿਦੇਸ਼ਾਂ ਤੋਂ ਸਿਹਤ ਪੇਸ਼ੇਵਰਾਂ ਦੀ ਭਰਤੀ ਕਰਦੇ ਹਨ ਤਾਂ ਇਹ ਚਿੰਤਾ ਦੀ ਗੱਲ ਹੈ।