ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ‘ਚ ਬੰਦ ਸਾਧੂ ਸਿੰਘ ਧਰਮਸੋਤ ਅੱਜ ਤਿੰਨ ਮਹੀਨੇ ਬਾਅਦ ਜੇਲ੍ਹ ‘ਚੋਂ ਬਾਹਰ ਆਏ। ਉਹ ਤਿੰਨ ਮਹੀਨੇ ਬਾਅਦ ਨਿਆਂਇਕ ਹਿਰਾਸਤ ‘ਚੋਂ ਬੁੱਧਵਾਰ ਨੂੰ ਸ਼ਾਮ ਵੇਲੇ ਬਾਹਰ ਆਏ। ਸਮਰਥਕਾਂ ਵੱਲੋਂ ਭਰਵਾਂ ਸੁਆਗਤ ਸਵੀਕਾਰ ਕਰਦੇ ਹੋਏ ਧਰਮਸੋਤ ਸਭ ਤੋਂ ਪਹਿਲਾਂ ਨਾਭਾ ਦੇ ਦੇਵੀ ਦਵਾਲਾ ਮੰਦਰ ‘ਚ ਨਤਮਸਤਕ ਹੋਣ ਗਏ। ਪੱਤਰਕਾਰਾਂ ਨਾਲ ਸੰਖੇਪ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਇਸ ਔਖੇ ਵਕਤ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ, ਖਾਸ ਕਰਕੇ ਆਪਣਿਆਂ ਤੇ ਪਰਾਇਆਂ ਦੀ ਪਛਾਣ ਹੋਈ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਕੱਲ੍ਹ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਜੇਲ੍ਹ ‘ਚ ਪਹੁੰਚੇ ਕਾਗਜ਼ਾਂ ਤੇ ਕੁਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕਦੀ ਸੀ, ਜੋ ਅੱਜ ਬੁੱਧਵਾਰ ਨੂੰ ਸੰਭਵ ਹੋਈ। ਤਿੰਨ ਮਹੀਨੇ ਬਾਅਦ ਜੇਲ੍ਹ ‘ਚੋਂ ਬਾਹਰ ਆਏ ਧਰਮਸੋਤ ਦੇ ਚਿਹਰੇ ‘ਤੇ ਉਹ ਪਹਿਲਾਂ ਵਾਲਾ ਜਲੌਅ ਨਜ਼ਰ ਨਹੀਂ ਸੀ ਆ ਰਿਹਾ। ਉਹ ਕੁਝ ਥੱਕੇ ਤੇ ਨਿਰਾਸ਼ ਨਜ਼ਰ ਆਏ ਭਾਵੇਂ ਕਿ ਮੀਡੀਆ ਨਾਲ ਗੱਲਬਾਤ ਸਮੇਂ ਉਨ੍ਹਾਂ ਪੂਰੇ ਕਾਇਮ ਹੋਣ ਦਾ ਪ੍ਰਭਾਵ ਦੇਣ ਦੀ ਪੂਰੀ ਕੋਸ਼ਿਸ਼ ਕੀਤੀ।