ਅਮਰੀਕਾ ਦੇ ਕਨੇਟੀਕਟ ਸੂਬੇ ‘ਚ ਤਿੰਨ ਇੰਡੀਅਨ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਟਰੱਕ ਅਤੇ ਮਿੰਨੀ ਵੈਨ ਵਿਚਕਾਰ ਹੋਈ ਟੱਕਰ ਮਰਨ ਵਾਲੇ ਤਿੰਨੇ ਭਾਰਤੀ ਨੌਜਵਾਨ ਇੰਡੀਆ ਦੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਮਿੰਨੀ ਵੈਨ ‘ਚ ਹਾਦਸੇ ਸਮੇਂ ਕੁੱਲ ਅੱਠ ਵਿਅਕਤੀ ਸਵਾਰ ਸਨ। ਹਾਦਸੇ ‘ਚ 3 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 4 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਅਤੇ ਇਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾਂ ਵਿੱਚੋਂ ਇਕ ਔਰਤ ਸਮੇਤ ਦੋ ਤੇਲੰਗਾਨਾ ਦੇ ਵਸਨੀਕ ਹਨ, ਜਦਕਿ ਤੀਜਾ ਵਿਦਿਆਰਥੀ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮ੍ਰਿਤਕਾਂ ਦੀ ਪਛਾਣ ਪ੍ਰੇਮ ਕੁਮਾਰ ਰੈਡੀ (ਹੈਦਰਾਬਾਦ), ਪਵਨੀ (ਵਾਰੰਗਲ) ਅਤੇ ਵੀ. ਸਾਈ ਨਰਸਿਮਹਾ (ਪੂਰਬੀ ਗੋਦਾਵਰੀ) ਵਜੋਂ ਹੋਈ ਹੈ। ਸਾਈ ਨਰਸਿਮ੍ਹਾ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਦੋਸਤਾਂ ਤੋਂ ਸੂਚਨਾ ਮਿਲੀ ਕਿ ਇਹ ਹਾਦਸਾ ਇਲਾਕੇ ‘ਚ ਸੰਘਣੀ ਧੁੰਦ ਕਾਰਨ ਸਵੇਰੇ 5 ਵਜੇ ਤੋਂ 7 ਵਜੇ ਵਿਚਕਾਰ ਵਾਪਰਿਆ। ਇਸ ਸਾਲ ਅਗਸਤ ‘ਚ ਅਮਰੀਕਾ ਗਈ 23 ਸਾਲਾ ਸਾਈ ਨਰਸਿਮ੍ਹਾ ਨੂੰ ਹਿੰਦੁਸਤਾਨ ਇੰਜੀਨੀਅਰਿੰਗ ਕਾਲਜ ਚੇਨਈ ਦੀ ਇਕ ਕੰਪਨੀ ਦੁਆਰਾ ਭਰਤੀ ਕੀਤਾ ਗਿਆ ਸੀ। ਉਸਨੇ ਬਾਅਦ ‘ਚ ਇਹ ਨੌਕਰੀ ਛੱਡ ਦਿੱਤੀ ਅਤੇ ਕਨੈਕਟੀਕਟ ‘ਚ ਇਕ ਯੂਨੀਵਰਸਿਟੀ ‘ਚ ਆਪਣੀ ਐੱਮ.ਐੱਸ. ਦੀ ਪੜ੍ਹਾਈ ਸ਼ੁਰੂ ਕੀਤੀ। ਸਾਈ ਨਰਸਿਮਹਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਮਾਤਾ-ਪਿਤਾ ਸਦਮੇ ‘ਚ ਹਨ। ਉਸ ਨੇ ਦੀਵਾਲੀ ਵਾਲੇ ਦਿਨ ਉਸ ਨਾਲ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ। ਇਸੇ ਪਿੰਡ ਦੇ ਐੱਸ. ਈਸ਼ਵਰੀਆ ਖੁਸ਼ਕਿਸਮਤ ਰਹੇ। ਹਾਦਸੇ ‘ਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।