ਅਮਰੀਕਾ ‘ਚ ਪੈ ਰਹੀ ਭਿਆਨਕ ਠੰਢ ਦੇ ਵਿਚਕਾਰ ਵੀ ਪ੍ਰਵਾਸੀਆਂ ਦੀ ਆਮਦ ਜਾਰੀ ਹੈ। ਇਸ ਹਫ਼ਤੇ ਦੇ ਅੰਤ ‘ਚ ਵਾਸ਼ਿੰਗਟਨ ਡੀ.ਸੀ. ‘ਚ ਅਮਰੀਕਨ ਨੇਵਲ ਆਬਜ਼ਰਵੇਟਰੀ ‘ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਵਾਸੀਆਂ ਨਾਲ ਭਰੀਆਂ ਬੱਸਾਂ ਪਹੁੰਚੀਆਂ। ਰਿਪੋਰਟ ਅਨੁਸਾਰ ਇਤਿਹਾਸਕ ਤੌਰ ‘ਤੇ ਠੰਢੇ ਤਾਪਮਾਨ ਦੇ ਵਿਚਕਾਰ ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਪ੍ਰਵਾਸੀ ਨੇਵਲ ਆਬਜ਼ਰਵੇਟਰੀ ਵਿਖੇ ਤਿੰਨ ਬੱਸਾਂ ‘ਚ ਪਹੁੰਚੇ। ਕੁਝ ਪ੍ਰਵਾਸੀਆਂ ਨੇ ਠੰਢ ਦੇ ਮੌਸਮ ‘ਚ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਸਥਾਨਕ ਚਰਚ ‘ਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕੰਬਲ ਦਿੱਤੇ ਗਏ। ਇਕ ਵਲੰਟੀਅਰ ਨੇ ਦੱਸਿਆ ਕਿ ਆਉਣ ਵਾਲਿਆਂ ‘ਚ ਇਕਵਾਡੋਰ, ਕਿਊਬਾ, ਨਿਕਾਰਾਗੁਆ, ਵੈਨੇਜ਼ੁਏਲਾ, ਪੇਰੂ ਅਤੇ ਕੋਲੰਬੀਆ ਤੋਂ ਸ਼ਰਣ ਮੰਗਣ ਵਾਲੇ ਸ਼ਾਮਲ ਸਨ। ਇਮੀਗ੍ਰੇਸ਼ਨ ਕਾਰਕੁਨਾਂ ਨੇ ਕਿਹਾ ਕਿ ਅਮਰੀਕਨ ਰਾਜਧਾਨੀ ‘ਚ ਠੰਢ ਦੇ ਤਾਪਮਾਨ ਕਾਰਨ ਇਹ ਘਟਨਾ ਅਸੰਵੇਦਨਸ਼ੀਲ ਸੀ ਕਿਉਂਕਿ ਦੇਸ਼ ਭਰ ‘ਚ ਕ੍ਰਿਸਮਸ ਦੀ ਛੁੱਟੀ ‘ਚ ਸ਼ਕਤੀਸ਼ਾਲੀ ਸਰਦੀਆਂ ਦੇ ਤੂਫਾਨ ਦਾ ਪ੍ਰਭਾਵ ਬਣਿਆ ਹੋਇਆ ਹੈ। ਵ੍ਹਾਈਟ ਹਾਊਸ ਨੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ‘ਤੇ ਨਿਸ਼ਾਨਾ ਵਿੰਨ੍ਹਿਆ, ਜੋ ਘੱਟੋ-ਘੱਟ ਤਿੰਨ ਰਿਪਬਲਿਕਨਾਂ ਵਿੱਚੋਂ ਇਕ ਹਨ, ਜੋ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਡੈਮੋਕਰੇਟਸ ਦੀ ਅਗਵਾਈ ਵਾਲੇ ਸ਼ਹਿਰਾਂ ‘ਚ ਪ੍ਰਵਾਸੀਆਂ ਨੂੰ ਭੇਜ ਰਹੇ ਹਨ। ਨਾਲ ਹੀ ਉਨ੍ਹਾਂ ਨੇ ਤਾਜ਼ਾ ਤਬਾਦਲੇ ਨੂੰ ‘ਬੇਰਹਿਮ, ਖਤਰਨਾਕ ਅਤੇ ਸ਼ਰਮਨਾਕ ਸਟੰਟ’ ਕਿਹਾ। ਵ੍ਹਾਈਟ ਹਾਊਸ ਦੇ ਬੁਲਾਰੇ ਅਬਦੁੱਲਾ ਹਸਨ ਨੇ ਨਿਊਜ਼ ਆਊਟਲੈਟਸ ਨੂੰ ਦਿੱਤੇ ਇਕ ਬਿਆਨ ‘ਚ ਕਿਹਾ ਕਿ ‘ਗਵਰਨਰ ਐਬੋਟ ਨੇ ਕਿਸੇ ਵੀ ਸੰਘੀ ਜਾਂ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਕ੍ਰਿਸਮਿਸ ਦੀ ਸ਼ਾਮ ‘ਤੇ ਠੰਢ ਤੋਂ ਘੱਟ ਤਾਪਮਾਨ ‘ਚ ਬੱਚਿਆਂ ਨੂੰ ਸੜਕ ਕਿਨਾਰੇ ਛੱਡ ਦਿੱਤਾ।’