ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉਬੋਕੇ ਦੇ ਹਰਬੰਸ ਸਿੰਘ ਦੇ 1993 ‘ਚ ਦਿਖਾਏ ਗਏ ਮੁਕਾਬਲੇ ਸਬੰਧੀ ਅਦਾਲਤ ਨੇ ਦੋ ਸੇਵਾਮੁਕਤ ਥਾਣੇਦਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਦੋਹਾਂ ਨੂੰ ਮੁਹਾਲੀ ਦੀ ਅਦਾਲਤ 2 ਨਵੰਬਰ ਨੂੰ ਸਜ਼ਾ ਸੁਣਾਏਗੀ। ਸੀ.ਬੀ.ਆਈ. ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਇਸ ਫ਼ਰਜ਼ੀ ਪੁਲੀਸ ਮੁਕਾਬਲੇ ਬਾਰੇ ਕੇਸ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਦੋ ਸੇਵਾਮੁਕਤ ਅਧਿਕਾਰੀਆਂ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏ.ਐੱਸ.ਆਈ. ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ‘ਚ ਨਾਮਜ਼ਦ ਦੋ ਹੋਰ ਪੁਲੀਸ ਮੁਲਾਜ਼ਮਾਂ ਇੰਸਪੈਕਟਰ ਪੂਰਨ ਸਿੰਘ ਅਤੇ ਏ.ਐੱਸ.ਆਈ. ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਨੇ ਦੱਸਿਆ ਕਿ ਅਪਰੈਲ 1993 ‘ਚ ਪੁਲੀਸ ਨੇ ਹਰਬੰਸ ਸਿੰਘ ਵਾਸੀ ਉਬੋਕੇ ਨੂੰ ਪੁੱਛ-ਪੜਤਾਲ ਲਈ ਹਿਰਾਸਤ ‘ਚ ਲਿਆ ਸੀ। ਪੁਲੀਸ ਅਨੁਸਾਰ ਹਰਬੰਸ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਚੰਬਲ ਏਰੀਆ ‘ਚ ਹਥਿਆਰ ਛੁਪਾ ਕੇ ਰੱਖੇ ਹੋਏ ਹਨ। ਨੌਜਵਾਨ ਦੇ ਦੱਸਣ ਅਨੁਸਾਰ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲੀਸ ਹਥਿਆਰ ਬਰਾਮਦ ਕਰਵਾਉਣ ਲਈ ਹਰਬੰਸ ਸਿੰਘ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਕਿ ਰਸਤੇ ‘ਚ ਖਾੜਕੂਆਂ ਨੇ ਪੁਲੀਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਇਸ ਮੁਕਾਬਲੇ ‘ਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ। ਤਰਨ ਤਾਰਨ ਪੁਲੀਸ ਵੱਲੋਂ ਪੁਲੀਸ ਪਾਰਟੀ ‘ਤੇ ਹਮਲਾ ਕਰਨ ਸਬੰਧੀ ਅਣਪਛਾਤੇ ਖਾੜਕੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਦੋਸ਼ ਲਾਇਆ ਸੀ ਕਿ ਹਰਬੰਸ ਸਿੰਘ ਨੂੰ ਪੁਲੀਸ ਹਿਰਾਸਤ ‘ਚੋਂ ਛੁਡਾਉਣ ਲਈ ਖਾੜਕੂਆਂ ਨੇ ਫਾਇਰਿੰਗ ਕੀਤੀ ਸੀ। ਉੱਚ ਅਦਾਲਤ ਦੇ ਹੁਕਮਾਂ ‘ਤੇ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ 25 ਜਨਵਰੀ 1999 ਨੂੰ ਉਕਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਕੇਸ ਦੀ ਸੁਣਵਾਈ ਮੁਹਾਲੀ ਸਥਿਤ ਸੀ.ਬੀ.ਆਈ. ਅਦਾਲਤ ‘ਚ ਚੱਲ ਰਹੀ ਸੀ। ਸੀ.ਬੀ.ਆਈ. ਨੇ ਮੁੱਢਲੀ ਜਾਂਚ ਮਗਰੋਂ 13 ਦਸੰਬਰ 2002 ਨੂੰ ਉਕਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸੀ.ਬੀ.ਆਈ. ਅਦਾਲਤ ‘ਚ ਚਲਾਨ ਪੇਸ਼ ਕੀਤਾ ਸੀ। ਕੇਸ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਨੇ 17 ਗਵਾਹ ਪੇਸ਼ ਕੀਤੇ। ਪੁਲੀਸ ਅਧਿਕਾਰੀ ਸ਼ਮਸ਼ੇਰ ਸਿੰਘ ਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਮਗਰੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ 29 ਸਾਲਾਂ ਬਾਅਦ ਇਨਸਾਫ਼ ਮਿਲਣ ਦੀ ਆਸ ਜਤਾਈ ਹੈ। ਪਿੰਡ ਉਬੋਕੇ ‘ਚ ਰਹਿੰਦੇ ਮ੍ਰਿਤਕ ਨੌਜਵਾਨ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ, ਚਰਨਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਜੇਲ੍ਹ ‘ਚ ਬੰਦ ਹਰਬੰਸ ਸਿੰਘ (26) ਨੂੰ ਥਾਣਾ ਸਦਰ ਤਰਨ ਤਾਰਨ ਦੇ ਤਤਕਾਲੀ ਐੱਸ.ਐੱਚ.ਓ. ਪੂਰਨ ਸਿੰਘ ਵੱਲੋਂ ਪੁਲੀਸ ਰਿਮਾਂਡ ‘ਤੇ ਲਿਆਂਦਾ ਗਿਆ ਸੀ ਤੇ ਬਾਅਦ ‘ਚ ਹਰਬੰਸ ਸਿੰਘ ਨੂੰ ਇਕ ਹੋਰ ਵਿਅਕਤੀ ਨਾਲ ਤਰਨ ਤਾਰਨ ਦੇ ਕਸਬਾ ਸੈਰੋਂ ਨੇੜੇ ਪੁਲੀਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤਾ ਕਰਾਰ ਦੇ ਕੇ ਪੁਲੀਸ ਵੱਲੋਂ ਹੀ ਸਾੜ ਦਿੱਤਾ ਗਿਆ ਸੀ। ਮ੍ਰਿਤਕ ਦੀ ਮਾਤਾ ਪ੍ਰਕਾਸ਼ ਕੌਰ ਤੇ ਭਰਾ ਪਰਮਜੀਤ ਸਿੰਘ ਵੱਲੋਂ ਮਨੁੱਖੀ ਅਧਿਕਾਰ ਸੰਗਠਨ (ਖਾਲੜਾ) ਦੀ ਸਹਾਇਤਾ ਨਾਲ ਉਕਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਮਗਰੋਂ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਹਵਾਲੇ ਕੀਤੀ ਸੀ।