ਇੰਡੀਆ ਅਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਹਰਾਰੇ ਸਥਿਤ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਗਿਆ ਜੋ ਇੰਡੀਆ ਨੇ ਵਿਰੋਧੀ ਟੀਮ ਨੂੰ ਬੁਰੀ ਤਰ੍ਹਾਂ ਹਰਾ ਕੇ 10 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ 40 ਓਵਰਾਂ ”ਚ ਸਾਰੀਆਂ ਵਿਕਟਾਂ ਗੁਆ ਕੇ 189 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਜ਼ਿੰਬਾਬਵੇ ਨੇ ਇੰਡੀਆ ਨੂੰ 190 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 30।.5 ਓਵਰਾਂ ‘ਚ ਬਿਨਾ ਕਿਸੇ ਵਿਕਟ ਦੇ ਨੁਕਸਾਨ ‘ਤੇ ਸ਼ਿਖਰ ਧਵਨ ਦੀਆਂ 81 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 82 ਦੌੜਾਂ ਦੀ ਬਦੌਲਤ ਕੁੱਲ 192 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਸ਼ਿਖਰ ਧਵਨ ਨੇ ਆਪਣੀ 81 ਦੌੜਾਂ ਦੀ ਪਾਰੀ ਦੇ ਦੌਰਾਨ 9 ਚੌਕੇ ਲਾਏ ਜਦਕਿ ਸ਼ੁਭਮਨ ਗਿੱਲ ਨੇ 82 ਦੌੜਾਂ ਦੀ ਪਾਰੀ ਦੇ ਦੌਰਾਨ 10 ਚੌਕੇ ਤੇ 1 ਛੱਕਾ ਲਾਇਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ ਦੀ ਪਹਿਲੀ ਵਿਕਟ ਇਨੋਸੈਂਟ ਕਾਇਆ ਦੇ ਤੌਰ ‘ਤੇ ਡਿੱਗੀ। ਕਾਇਆ 4 ਦੌੜਾਂ ਬਣਾ ਚਾਹਰ ਦੀ ਗੇਂਦ ‘ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਜ਼ਿੰਬਾਬਵੇ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਤਾਦੀਵਨਾਸ਼ੇ ਮਾਰੂਮਾਨੀ 8 ਦੌੜਾ ਬਣਾ ਆਊਟ ਹੋਏ। ਤਾਦੀਵਨਾਸ਼ੇ ਚਾਹਲ ਦੀ ਗੇਂਦ ‘ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਜ਼ਿੰਬਾਬਵੇ ਦੀ ਤੀਜੀ ਵਿਕਟ ਸੀਨ ਵਿਲੀਅਮਜ਼ ਦੇ ਤੌਰ ‘ਤੇ ਡਿੱਗੀ। ਵਿਲੀਅਮਜ਼ 1 ਦੌੜ ਦੇ ਨਿੱਜੀ ਸਕੋਰ ‘ਤੇ ਸਿਰਾਜ਼ ਦੀ ਗੇਂਦ ‘ਤੇ ਧਵਨ ਦਾ ਸ਼ਿਕਾਰ ਬਣੇ। ਜ਼ਿੰਬਾਬਵੇ ਨੂੰ ਚੌਥਾ ਝਟਕਾ ਵੇਸਲੇ ਮਧੇਵੇਰੇ ਦੇ ਆਊਟ ਹੋਣ ਨਾਲ ਲੱਗਾ। ਵੇਸਲੇ ਸਿਰਫ਼ 5 ਦੌੜਾਂ ਬਣਾ ਚਾਹਰ ਵਲੋਂ ਐੱਲ.ਬੀ.ਡਬਲਿਊ. ਆਊਟ ਹੋਏ। ਸਿਕੰਦਰ ਰਜ਼ਾ 12 ਤੇ ਰੀਆਨ ਬਰਲ 11 ਦੌੜਾਂ ਬਣਾ ਆਊਟ ਹੋਏ। ਜ਼ਿੰਬਾਬਵੇ ਦੇ ਕਪਤਾਨ ਰੇਜਿਸ ਚੱਕਾਬਵਾ ਕੋਈ ਖਾਸ ਸਕੋਰ ਨਹੀਂ ਬਣਾ ਸਕੇ ਤੇ 35 ਦੌੜਾਂ ਬਣਾ ਆਊਟ ਹੋਏ।